– ਭੜਕੇ ਲੋਕਾਂ ਨੇ ਮੈਡੀਕਲ ਸਟੋਰ ਖਿਲਾਰਿਆ
(ਸਰਬਜੀਤ ਸਿੰਘ ਸੋਨੀ) ਲੁਧਿਆਣਾ। ਸਥਾਨਕ ਜਲੰਧਰ ਬਾਈਪਾਸ ਦੇ ਨਜ਼ਦੀਕ ਕਾਰਾ ਬਾਰਾ ਰੋਡ ਇਲਾਕੇ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇੱਕ ਨੌਜਵਾਨ ਫੈਕਟਰੀ ਮਾਲਕ ਦੀ ਨਸ਼ੇ ਦੀ ਓਵਰਡੋਜ਼ ਕਾਰਨ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਠਾਕੁਰ ਉਰਫ਼ ਸ਼ੈਫੀ ਵਜੋਂ ਹੋਈ ਹੈ, ਜੋ ਇਲਾਕੇ ਵਿੱਚ ਰੈਡੀਮੇਡ ਕੱਪੜੇ ਦੀ ਫੈਕਟਰੀ ਚਲਾਉਂਦਾ ਸੀ। ਨੌਜਵਾਨ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਦਾ ਗੁੱਸਾ ਫੁੱਟ ਪਿਆ, ਜਿਨ੍ਹਾਂ ਨੇ ਇੱਕ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉੱਥੇ ਜੰਮ ਕੇ ਭੰਨਤੋੜ ਕੀਤੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ‘ਮਨਜੀਤ ਮੈਡੀਕਲ ਸਟੋਰ’ ਦੇ ਮਾਲਕ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਹਿਲ ਉਕਤ ਸਟੋਰ ਤੋਂ ਨਸ਼ੇ ਦੀਆਂ ਗੋਲੀਆਂ ਲੈ ਕੇ ਗਿਆ ਸੀ। ਉਨ੍ਹਾਂ ਮੁਤਾਬਕ, ਸਾਹਿਲ ਆਪਣੀ ਫੈਕਟਰੀ ਵਿੱਚ ਤਿਆਰ ਕੀਤੀ ਇੱਕ ਨਵੀਂ ਪੈਂਟ ਮੈਡੀਕਲ ਸਟੋਰ ’ਤੇ ਦੇ ਕੇ ਆਇਆ ਸੀ ਅਤੇ ਉਸ ਦੇ ਬਦਲੇ ਉੱਥੋਂ ਨਸ਼ੀਲੀਆਂ ਗੋਲੀਆਂ ਲੈ ਕੇ ਆਇਆ, ਜਿਸ ਦੀ ਓਵਰਡੋਜ਼ ਕਾਰਨ ਉਸ ਦੀ ਜਾਨ ਚਲੀ ਗਈ। ਇਸ ਗੱਲ ਤੋਂ ਭੜਕੇ ਲੋਕਾਂ ਨੇ ਮੈਡੀਕਲ ਸਟੋਰ ਦੇ ਅੰਦਰ ਵੜ ਕੇ ਤੋੜਫੋੜ ਕੀਤੀ ਅਤੇ ਸਟੋਰ ਮਾਲਕ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗੀ।
ਦੂਜੇ ਪਾਸੇ, ਮੈਡੀਕਲ ਸਟੋਰ ਦੇ ਮਾਲਕ ਜਸਵਿੰਦਰ ਕੁਮਾਰ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਅਕਸਰ ਉਨ੍ਹਾਂ ਨੂੰ ਆਪਣੀ ਫੈਕਟਰੀ ਦੀ ਬਣੀ ਪੈਂਟ ਸਸਤੇ ਭਾਅ ਵੇਚ ਕੇ ਬਦਲੇ ਵਿੱਚ ਨਕਦ ਪੈਸੇ ਲੈ ਜਾਂਦਾ ਸੀ। ਜਸਵਿੰਦਰ ਕੁਮਾਰ ਮੁਤਾਬਕ, ਨੌਜਵਾਨ ਨੇ ਉਹ ਪੈਸੇ ਕਿੱਥੇ ਵਰਤੇ ਅਤੇ ਕਿਹੜਾ ਨਸ਼ਾ ਖਰੀਦਿਆ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਮਾਮਲਾ ਥਾਣਾ ਦਰੇਸੀ ਦੇ ਅਧਿਕਾਰ ਖੇਤਰ ਦਾ ਹੋਣ ਦੇ ਬਾਵਜੂਦ ਸਥਿਤੀ ਨੂੰ ਸੰਭਾਲਣ ਲਈ ਥਾਣਾ ਸਲੇਮ ਟਾਬਰੀ ਦੇ ਇੰਚਾਰਜ ਜਸਬੀਰ ਸਿੰਘ ਗਿੱਲ, ਏ.ਸੀ.ਪੀ. ਨਾਰਥ ਕਿੱਕਰ ਸਿੰਘ ਭੁੱਲਰ, ਏ.ਡੀ.ਸੀ.ਪੀ. ਸਮੀਰ ਵਰਮਾ ਅਤੇ ਏ.ਸੀ.ਪੀ. ਅਨਿਲ ਭਨੋਟ ਸਮੇਤ ਭਾਰੀ ਪੁਲਿਸ ਫੋਰਸ ਮੌਕੇ ’ਤੇ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕਰਵਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਅਤੇ ਮੈਡੀਕਲ ਸਟੋਰ ’ਤੇ ਲਗਾਏ ਗਏ ਦੋਸ਼ਾਂ ਦੀ ਸੱਚਾਈ ਪੋਸਟਮਾਰਟਮ ਅਤੇ ਮੁਕੰਮਲ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।