ਪੰਜਾਬ ਬੰਦ ਦੇ ਪ੍ਰਦਰਸ਼ਨ ਦੌਰਾਨ 11 ਹਜ਼ਾਰ ਵੋਲਟ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਨੌਜਵਾਨ ਦੀ ਮੌਤ

Share and Enjoy !

Shares

(ਸਰਬਜੀਤ ਸਿੰਘ ਸੋਨੀ) ਲੁਧਿਆਣਾ। ਮਾਨਸਾ ਵਿੱਚ ਨਸ਼ਾ ਸਮਗਲਰਾਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਸਰੇਆਮ ਹੋਏ ਕਤਲ ਦੇ ਵਿਰੋਧ ਵਿੱਚ ਵੀਰਵਾਰ ਨੂੰ ਸੱਦੇ ਗਏ ‘ਪੰਜਾਬ ਬੰਦ’ ਦੌਰਾਨ ਮਹਾਨਗਰ ਦੇ ਜਮਾਲਪੁਰ ਇਲਾਕੇ ਵਿੱਚ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੰਡੀਗੜ੍ਹ ਰੋਡ ’ਤੇ ਸਮਾਜ ਸੇਵੀ ਪਰਵਿੰਦਰ ਦੇ ਕਤਲ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਤੇ ਨਸ਼ਿਆਂ ਦੇ ਖਾਤਮੇ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ-ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਪਹੁੰਚੇ 22 ਸਾਲਾ ਨੌਜਵਾਨ ਜਸ਼ਨਦੀਪ ਸਿੰਘ ਦੀ 11 ਹਜ਼ਾਰ ਵੋਲਟ ਦੀ ਹਾਈਟੈਂਸ਼ਨ ਬਿਜਲੀ ਲਾਈਨ ਦੀ ਲਪੇਟ ਵਿੱਚ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਹ ਚਰਚਾ ਫੈਲਣ ਲੱਗੀ ਕਿ ਮ੍ਰਿਤਕ ਨੌਜਵਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਬੋਰਡ ਜਾਂ ਹੋਰਡਿੰਗ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਮ੍ਰਿਤਕ ਦੇ ਚਚੇਰੇ ਭਰਾ ਸਤਨਾਮ ਸਿੰਘ ਨੇ ਕਿਹਾ ਕਿ ਲੋਕ ਬਿਨਾਂ ਤੱਥ ਜਾਣੇ ਤਰ੍ਹਾਂ-ਤਰ੍ਹਾਂ ਦੀਆਂ ਝੂਠੀਆਂ ਗੱਲਾਂ ਫੈਲਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਸ਼ਨਦੀਪ ਮੁੱਖ ਮੰਤਰੀ ਦਾ ਬੋਰਡ ਕਿਉਂ ਉਤਾਰੇਗਾ? ਉਹ ਸਿਰਫ਼ ਧਰਨੇ ਵਿੱਚ ਸ਼ਾਂਤੀਪੂਰਵਕ ਸ਼ਾਮਲ ਹੋਣ ਲਈ ਆਇਆ ਸੀ। ਪੀੜਤ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸ਼ਹਿਰ ਦੀਆਂ ਸੜਕਾਂ ’ਤੇ ਬਿਜਲੀ ਦੀਆਂ ਲਟਕਦੀਆਂ ਨੰਗੀਆਂ ਤਾਰਾਂ ਅਤੇ ਪ੍ਰਸ਼ਾਸਨ ਦੀ ਬਦਹਾਲ ਵਿਵਸਥਾ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਉਨ੍ਹਾਂ ਨੇ ਇਸ ਦਰਦਨਾਕ ਹਾਦਸੇ ਲਈ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਦੀ ਗੰਭੀਰ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ 11 ਹਜ਼ਾਰ ਵੋਲਟ ਦੀ ਬਿਜਲੀ ਲਾਈਨ ਖੁੱਲ੍ਹੇ ਵਿੱਚ ਹੋਣ ਕਾਰਨ ਹੀ ਉਨ੍ਹਾਂ ਦੇ ਪੁੱਤਰ ਦੀ ਜਾਨ ਗਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ 22 ਸਾਲਾ ਜਸ਼ਨਦੀਪ ਸਿੰਘ ਅਜੇ ਅਣਵਿਆਹਿਆ ਸੀ। ਉਸ ਦੇ ਪਰਿਵਾਰ ਵਿੱਚ ਮਾਤਾ-ਪਿਤਾ, ਦੋ ਭੈਣਾਂ ਅਤੇ ਦੋ ਭਰਾ ਹਨ। ਉਹ ਕੱਪੜਿਆਂ ਦੀ ਕਟਿੰਗ (ਕਟਰ ਮਾਸਟਰ) ਦਾ ਕੰਮ ਕਰਦਾ ਸੀ ਅਤੇ ਮਜ਼ਦੂਰੀ ਕਰਕੇ ਆਪਣੇ ਗ਼ਰੀਬ ਪਰਿਵਾਰ ਦੀ ਆਰਥਿਕ ਮਦਦ ਕਰਦਾ ਸੀ। ਘਰ ਦੇ ਨੌਜਵਾਨ ਅਤੇ ਕਮਾਊ ਪੁੱਤਰ ਦੀ ਬੇਵਕਤੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਮਾਂ ਤੇ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਇਲਾਕੇ ਵਿੱਚ ਇਸ ਘਟਨਾ ਕਾਰਨ ਸੋਕ ਦੀ ਲਹਿਰ ਦੌੜ ਗਈ ਹੈ।

About Post Author

Share and Enjoy !

Shares

Leave a Reply

Your email address will not be published.