ਕ੍ਰਾਈਮ ਬ੍ਰਾਂਚ ਲੁਧਿਆਣਾ ਦੇ ਬੂਹੇ ਅੱਗਿਓਂ ਪੁਲਿਸ ਨੂੰ ‘ਅੰਗੂਠਾ’ ਵਿਖਾ ਕੇ ਭੱਜੇ 2 ਆਪਰਾਧੀ
– ਵੀ.ਆਈ.ਪੀ. ਸੁਰੱਖਿਆ ਜ਼ੋਨ ਦੇ ਦਾਅਵਿਆਂ ਦੀ ਨਿਕਲੀ ਫੂਕ
– ਹੱਥਕੜੀ ਖੁੱਲ੍ਹਵਾ ਕੇ ਏ.ਐੱਸ.ਆਈ. ਨੂੰ ਦਿੱਤਾ ਅਜਿਹਾ ਧੱਕਾ ਕਿ ਦੇਖਦੀ ਰਹਿ ਗਈ ਖਾਕੀ
(ਸਰਬਜੀਤ ਸਿੰਘ ਸੋਨੀ) ਲੁਧਿਆਣਾ। ਸ਼ਹਿਰ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਵੀ.ਆਈ.ਪੀ. ਜ਼ੋਨ, ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਸਾਹਮਣੇ ਸਥਿਤ ਕ੍ਰਾਈਮ ਬ੍ਰਾਂਚ-1 ਦੇ ਬਾਹਰੋਂ ਪੁਲਿਸ ਹਿਰਾਸਤ ਵਿੱਚੋਂ ਚੋਰੀ ਦੇ ਦੋ ਸ਼ਾਤਰ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਇਸ ਸਨਸਨੀਖੇਜ਼ ਘਟਨਾ ਤੋਂ ਤੁਰੰਤ ਬਾਅਦ ਪੂਰੇ ਇਲਾਕੇ ਵਿੱਚ ਹਾਈ-ਅਲਰਟ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ।
– ਬੀਮਾਰੀ ਦਾ ਬਹਾਨਾ ਬਣਾ ਕੇ ਮਾਰਿਆ ਧੱਕਾ
ਜਾਣਕਾਰੀ ਅਨੁਸਾਰ ਮਾਡਲ ਟਾਊਨ ਇਲਾਕੇ ਵਿੱਚ 8 ਅਕਤੂਬਰ ਨੂੰ ਹੋਈ ਇੱਕ ਘਰ ਵਿੱਚ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੀ ਪਛਾਣ ਪ੍ਰਿੰਸ ਸ਼ਰਮਾ ਉਰਫ਼ ਪ੍ਰਿੰਸ (ਵਾਸੀ ਅਮਰਗੜ੍ਹ, ਮਲੇਰਕੋਟਲਾ) ਅਤੇ ਰਮਨਦੀਪ ਸਿੰਘ ਉਰਫ਼ ਰਿੰਕੂ (ਵਾਸੀ ਮੁਹੱਲਾ ਜਗਤਪੁਰਾ, ਫਿਲੌਰ) ਵਜੋਂ ਹੋਈ ਹੈ। ਏ.ਐਸ.ਆਈ. ਬਲਦੇਵ ਸਿੰਘ ਆਪਣੀ ਟੀਮ ਨਾਲ ਦੋਵਾਂ ਨੂੰ ਅਗਲੀ ਪੁੱਛਗਿੱਛ ਲਈ ਕ੍ਰਾਈਮ ਬ੍ਰਾਂਚ-1 ਦੇ ਦਫ਼ਤਰ ਲੈ ਕੇ ਆਏ ਸਨ। ਦਫ਼ਤਰ ਦੇ ਅੰਦਰ ਪਹਿਲਾਂ ਹੀ ਕਿਸੇ ਹੋਰ ਮਾਮਲੇ ਦੀ ਪੁੱਛਗਿੱਛ ਚੱਲ ਰਹੀ ਹੋਣ ਕਾਰਨ, ਪੁਲਿਸ ਪਾਰਟੀ ਦੋਵਾਂ ਮੁਲਜ਼ਮਾਂ ਸਮੇਤ ਮੁੱਖ ਸੜਕ ’ਤੇ ਖੜ੍ਹੀ ਗੱਡੀ ਵਿੱਚ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ। ਇਸੇ ਦੌਰਾਨ ਮੁਲਜ਼ਮ ਰਮਨਦੀਪ ਸਿੰਘ ਨੇ ਤਬੀਅਤ ਖ਼ਰਾਬ ਹੋਣ ਦੀ ਗੱਲ ਕਹੀ। ਜਿਵੇਂ ਹੀ ਏ.ਐਸ.ਆਈ. ਬਲਦੇਵ ਸਿੰਘ ਨੇ ਮਨੁੱਖਤਾ ਦੇ ਨਾਤੇ ਉਸ ਦੀ ਹੱਥਕੜੀ ਖੋਲ੍ਹ ਕੇ ਉਸ ਦੀ ਹਾਲਤ ਚੈੱਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮ ਨੇ ਅਚਾਨਕ ਉਨ੍ਹਾਂ ਨੂੰ ਜ਼ੋਰਦਾਰ ਧੱਕਾ ਮਾਰ ਦਿੱਤਾ ਅਤੇ ਦੋਵੇਂ ਮੁਲਜ਼ਮ ਹੱਥਕੜੀ ਸਮੇਤ ਮੌਕੇ ਤੋਂ ਫਰਾਰ ਹੋ ਗਏ।
– ਸੀ.ਸੀ.ਟੀ.ਵੀ. ਕੈਮਰੇ ਖੰਗਾਲ ਰਹੀ ਪੁਲਿਸ
ਘਟਨਾ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮਾਂ ਨੇ ਚੌਕਸੀ ਵਰਤਦੇ ਹੋਏ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਥਾਣਾ ਡਿਵੀਜ਼ਨ ਨੰਬਰ-5 ਦੇ ਏ.ਐਸ.ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲਿਸ ਪਾਰਟੀ ਵੱਲੋਂ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਫਰਾਰ ਹੋਣ ਦੇ ਰਸਤੇ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਦੋਵਾਂ ਮੁਲਜ਼ਮਾਂ ਨੂੰ ਜਲਦੀ ਹੀ ਦੁਬਾਰਾ ਕਾਬੂ ਕਰ ਲਿਆ ਜਾਵੇਗਾ।