
ਫਗਵਾੜਾ (ਸ਼ਿਵ ਕੋੜਾ) “ ਸਮਾਜ ਸੇਵਾ ਨੂੰ ਸਮਰਪਿਤ ਅਤੇ ਤੇਰਾਂ ਤੇਰਾਂ ਮਾਲ ਦੀ ਸੰਚਾਲਿਕਾ ਸਾਉਦੀ ਸਿੰਘ ਅੱਜ ਉਸ ਸਮੇਂ ਭਾਵੁਕ ਹੋਏ ਬਿਨਾਂ ਨਹੀਂ ਰਹਿ ਸਕੇ ਜਦੋਂ ਉਹਨਾਂ ਦੇ ਵਿਦੇਸ਼ ਵਿਚ ਰਹਿੰਦੀ ਬੇਟੀ ਜਾਗ੍ਰਤੀ ਅਤੇ ਬੇਟੇ ਅਰਵ ਸਿੰਘ ਨੇ ਵਿਸ਼ੇਸ਼ ਤੌਰ ਤੇ ਫੋਨ ਕਰਕੇ ਮਾਂ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਸਾਉਦੀ ਸਿੰਘ ਨੇ ਦੁਨੀਆ ਭਰ ਦੀਆਂ ਸਮੂਹ ਮਾਂਵਾ ਨੂੰ ਮਾਤ੍ਰ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਮਾਂ ਪਿਆਰ, ਤਿਆਗ ਤੇ ਮਮਤਾ ਦੀ ਮੂਰਤ ਹੁੰਦੀ ਹੈ। ਮਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਪਹਿਲਾਂ ਤਾਂ ਮਾਂ ਨੂੰ ਮਾਂ ਅਖਵਾਉਣ ਲਈ ਆਪਣੀ ਜਿੰਦਗੀ ਨੂੰ ਦਾਅ ਤੇ ਲਗਾਉਣਾ ਪੈਂਦਾ ਹੈ। ਫਿਰ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸਦਾ ਪਾਲਣ ਪੋਸ਼ਨ ਅਤੇ ਮੁਢਲੇ ਸੰਸਕਾਰ ਦੇਣ ਦਾ ਕੰਮ ਵੀ ਮਾਂ ਹੀ ਕਰਦੀ ਹੈ। ਕੁਦਰਤ ਦਾ ਨਿਯਮ ਹੈ ਕਿ ਬੱਚਾ ਜਦੋਂ ਬੋਲਣਾ ਸ਼ੁਰੂ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਸਦੇ ਮੂੰਹ ਤੋਂ ਮਾਂ ਸ਼ਬਦ ਹੀ ਨਿਕਲਦਾ ਹੈ। ਫਿਰ ਇਨਸਾਨ ਬੇਸ਼ਕ ਉਮਰ ਦੇ ਕਿਸੇ ਵੀ ਪੜਾਅ ਵਿਚ ਹੋਵੇ ਪਰ ਜਦੋਂ ਵੀ ਕੋਈ ਦੁੱਖ ਆਉਂਦਾ ਹੈ ਤਾਂ ਉਸਨੂੰ ਮਾਂ ਯਾਦ ਆਉਂਦੀ ਹੈ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਇਹ ਬਹੁਤ ਹੀ ਦੁਖਦ ਗੱਲ ਹੈ ਕਿ ਬੱਚਿਆਂ ਨੂੰ ਹਰ ਦੁੱਖ ਸਹਿ ਕੇ ਆਪਣੀ ਮਮਤਾ ਦੀ ਛਾਂ ਵਿਚ ਪਾਲਣ ਵਾਲੀਆਂ ਬਹੁਤ ਸਾਰੀਆਂ ਮਾਂਵਾ ਨੂੰ ਜਿੰਦਗੀ ਦੇ ਆਖਰੀ ਪਲ ਜਾਂ ਤਾਂ ਘਰਾਂ ਦੇ ਏਕਾਂਤ ਵਿਚ ਤੇ ਜਾਂ ਬਿਰਧ ਆਸ਼ਰਮਾਂ ਵਿਚ ਕੱਟਣੇ ਪੈ ਰਹੇ ਹਨ। ਉਹਨਾਂ ਸਮੂਹ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਤਾ-ਪਿਤਾ ਦੀ ਉਸ ਵਕਤ ਸੇਵਾ ਜਰੂਰ ਕਰਨ ਜਦੋਂ ਉਹ ਬੁਢਾਪੇ ਦੀ ਦਹਿਲੀਜ ਅਤੇ ਜਿੰਦਗੀ ਦੇ ਆਖਰੀ ਦੌਰ ਵਿਚ ਹੁੰਦੇ ਹਨ, ਕਿਉਂਕਿ ਬਜੁਰਗ ਮਾਤਾ ਪਿਤਾ ਦੀ ਸੇਵਾ ਪਰਮਾਤਮਾ ਦੀ ਸੇਵਾ ਕਰਨ ਦੇ ਬਰਾਬਰ ਹੁੰਦਾ ਹੈ।