ਇਟਲੀ (ਦਵਿੰਦਰ ਹੀਉਂ ) : ਇਟਲੀ ਦੇ ਜ਼ਿਲ੍ਹਾ ਬੈਰਗਾਮੋ ਵਿਖੇ ਮਜ਼ਦੂਰ ਦਿਵਸ ਨੂੰ ਸਮਰਪਿਤ ਇਟਲੀ ਦੀਆਂ ਵੱਖ-ਵੱਖ ਸੰਸਥਾਵਾਂ, ਖੱਬੇ ਪੱਖੀ ਪਾਰਟੀਆਂ ਦੀ ਅਗਵਾਈ ਹੇਠ ਮਜਦੂਰ ਜਥੇਬੰਦੀਆਂ ਜਿਨ੍ਹਾਂ ਵਿੱਚ ਟਰੇਡ ਯੂਨੀਅਨ ਸੀਸਲ ਸੀ. ਜੀ. ਐੱਲ. ਲੂਟਾ ਕਾਓਬਾਸ ਅਤੇ ਕਮਿਊਨਿਸਟ ਪਾਰਟੀ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਪਰੋਕਤ ਸੰਸਥਾਵਾਂ ਦੇ ਬੁਲਾਰਿਆਂ ਨੇ ਯੂਕ੍ਰੇਨ ਅਤੇ ਰੂਸ ਦਰਮਿਆਨ ਚੱਲ ਰਹੀ ਜੰਗ ਅਤੇ ਨਾਟੋ ਤੇ ਯੂਰਪੀਅਨ ਯੂਨੀਅਨ ਵੱਲੋਂ ਦਖ਼ਲਅੰਦਾਜ਼ੀ ਅਤੇ ਜੰਗ ਦੀ ਆੜ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀ ਲਗਾਤਾਰ ਵਧ ਰਹੀ ਮਹਿੰਗਾਈ ਦਾ ਸਖਤ ਵਿਰੋਧ ਕੀਤਾ ਗਿਆ।
ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਪਰੋਕਤ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਜਿੱਥੇ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਦਾ ਵਿਰੋਧ ਪ੍ਰਗਟਾਇਆ, ਉੱਥੇ ਹੀ ਸਰਕਾਰ ਅੱਗੇ ਕੁੱਝ ਅਹਿਮ ਮੰਗਾਂ ਜਿਵੇਂ ਬੇਘਰੇ ਅਤੇ ਬੇਰੁਜ਼ਗਾਰ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ, ਸ਼ੋਸ਼ਲ ਸਹਾਇਤਾ ਵਧਾਉਣ ਅਤੇ ਤੇਲ ਗੈਸ ਆਦਿ ਵਸਤਾਂ ਦੀਆਂ ਕੀਮਤਾਂ ਨੂੰ ਘਟਾਉਣ ਦੀ ਮੰਗ ਵੀ ਕੀਤੀ ਗਈ। ਸ਼ਾਂਤ ਪੂਰਨ ਢੰਗ ਨਾਲ ਚੱਲੇ ਇਸ ਰੋਸ ਪ੍ਰਦਰਸ਼ਨ ਵਿੱਚ ਇਟਾਲੀਅਨ ਲੋਕਾਂ ਤੋਂ ਇਲਾਵਾ ਭਾਰਤੀਆਂ ਸਮੇਤ ਹੋਰ ਕਈ ਦੇਸ਼ਾਂ ਦੇ ਲੋਕਾਂ ਨੇ ਵੀ ਭਾਗ ਲਿਆ। ਮੁਜਾਹਰਾਕਾਰੀਆਂ ਨੇ ਹੱਥਾਂ ਵਿੱਚ ਲਾਲ ਝੰਡੇ ਅਤੇ ਵੱਖ ਵੱਖ ਮੰਗਾਂ ਵਾਲੇ ਬੈਨਰ ਚੁੱਕੇ ਹੋਏ ਸਨ।