
ਸਾਬਕਾ ਐਮ.ਐਲ.ਏ. ਸ਼ਿੰਗਾਰਾਂ ਰਾਮ ਸਹੂੰਗੜਾ ਦੇ ਸਪੁੱਤਰ ਕੁੰਵਰ ਜਗਵੀਰ ਸਿੰਘ ਨਾਲ ਹੋਈ ਅਚਾਨਕ ਮੁਲਾਕਾਤ, ਸਿਆਸੀ ਚਰਚਾ ਨੇ ਫੜਿਆ ਜ਼ੋਰ
ਬਲਾਚੌਰ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਇਲਾਕੇ ਦੀ ਸਿਆਸਤ ਵਿੱਚ ਇਨ੍ਹੀਂ ਦਿਨੀਂ ਇੱਕ ਹੀ ਨਾਂਅ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ, ਉਹ ਹੈ ਨੌਜਵਾਨ ਆਗੂ ਤੇਜਵਿੰਦਰ ਸਿੰਘ ਤੇਜੀ ਮਾਂਗਟ ਰੈਲਮਾਜਰਾ ਸਾਬਤ ਸੂਰਤ, ਪੂਰਾ ਸਿੱਖੀ ਸਰੂਪ ਵਾਲੇ ਤੇਜਵਿੰਦਰ ਸਿੰਘ ਤੇਜੀ ਮਾਂਗਟ ਰੈਲਮਾਜਰਾ ਨੂੰ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਕਿਹਾ ਜਾਂਦਾ ਹੈ ਅਤੇ ਬਲਾਚੌਰ ਇਲਾਕੇ ਵਿੱਚ ਉਨ੍ਹਾਂ ਦੀ ਪਕੜ ਕਾਫ਼ੀ ਜ਼ਿਆਦਾ ਮੰਨੀ ਜਾਂਦੀ ਹੈ।
ਇਲਾਕੇ ਵਿੱਚ ਮਿਸਲ ਸਤਲੁਜ ਦੇ ਨਾਂਅ ਦੀ ਕਾਫ਼ੀ ਵੱਡੀ ਗੂੰਜ ਹੈ। ਇਹ ਆਪਣੀ ਪਾਰਟੀ ਇਹਨਾਂ ਨੇ ਆਪ ਬਣਾਈ ਹੈ, ਜਿਸ ਦਾ ਇਲਾਕੇ ਵਿੱਚ ਕਾਫ਼ੀ ਵੱਡਾ ਆਧਾਰ ਬਣ ਚੁੱਕਾ ਹੈ। ਨੌਜਵਾਨ, ਸਿੱਖ, ਸਾਬਤ ਸੂਰਤ ਵਾਲੇ ਤੇਜਵਿੰਦਰ ਸਿੰਘ ਤੇਜੀ ਮਾਂਗਟ ਰੈਲਮਾਜਰਾ ਕਿਸੇ ਵੇਲੇ ਵੀ ਸਿਆਸਤ ਵਿੱਚ ਧਮਾਕਾ ਕਰ ਸਕਦੇ ਹਨ, ਅਜਿਹੀਆਂ ਚਰਚਾਵਾਂ ਹੁਣ ਹਰ ਚੌਂਕ-ਚੁਰਾਹੇ ਵਿੱਚ ਆਮ ਹੋ ਗਈਆਂ ਹਨ।
ਬੀਤੇ ਦਿਨੀਂ ਸਾਬਕਾ ਐਮ.ਐਲ.ਏ. ਸ਼ਿੰਗਾਰਾਂ ਰਾਮ ਸਹੂੰਗੜਾ ਦੇ ਸਪੁੱਤਰ ਕੁੰਵਰ ਜਗਵੀਰ ਸਿੰਘ ਅਤੇ ਤੇਜੀ ਮਾਂਗਟ ਰੈਲਮਾਜਰਾ ਦੀ ਅਚਾਨਕ ਹੋਈ ਮੁਲਾਕਾਤ ਨੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਮੁਲਾਕਾਤ ਦੌਰਾਨ ਬਲਾਚੌਰ ਦੀ ਸਿਆਸਤ, ਨੌਜਵਾਨਾਂ ਦੇ ਮੁੱਦਿਆਂ, ਇਲਾਕੇ ਦੇ ਵਿਕਾਸ ਅਤੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਹੋਈ ਦੱਸੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਇਸ ਮੁਲਾਕਾਤ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਤੇਜੀ ਮਾਂਗਟ ਰੈਲਮਾਜਰਾ ਮਿਸਲ ਸਤਲੁਜ ਪਾਰਟੀ ਵੱਲੋਂ ਬਲਾਚੌਰ ਹਲਕੇ ਤੋਂ ਐਮ.ਐਲ.ਏ. ਦੀ ਚੋਣ ਲੜ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਬਲਾਚੌਰ ਦੀ ਸਿਆਸਤ ਲਈ ਵੱਡਾ ਮੋੜ ਸਾਬਤ ਹੋ ਸਕਦਾ ਹੈ।
ਇਸ ਮੌਕੇ ਤੇਜੀ ਮਾਂਗਟ ਰੈਲਮਾਜਰਾ ਨੇ ਕਿਹਾ ਕਿ ਜੇ ਬਲਾਚੌਰ ਇਲਾਕੇ ਦੇ ਲੋਕ ਸਾਥ ਦੇਣ ਤਾਂ ਬਦਲ ਦਿਆਂਗੇ ਬਲਾਚੌਰ ਦੀ ਸਿਆਸਤ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਚੋਣ ਲੜਨਾ ਨਹੀਂ, ਸਗੋਂ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਸਿੱਖੀ, ਸਿੱਖਿਆ ਅਤੇ ਰੁਜ਼ਗਾਰ ਨਾਲ ਜੋੜਨਾ ਹੈ।
ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਕੋਈ ਆਮ ਪਾਰਟੀ ਨਹੀਂ, ਇਹ ਨੌਜਵਾਨਾਂ ਦੀ ਆਪਣੀ ਅਵਾਜ਼ ਹੈ। ਇਲਾਕੇ ਦੇ ਹਰ ਪਿੰਡ ਵਿੱਚ ਨੌਜਵਾਨ ਇਸ ਨਾਲ ਜੁੜ ਰਹੇ ਹਨ। ਸਾਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਅਤੇ ਅਸੀਂ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਾਂਗੇ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਤੇਜੀ ਮਾਂਗਟ ਦੀ ਸਾਦਗੀ, ਸਿੱਖੀ ਸਰੂਪ ਅਤੇ ਨੌਜਵਾਨਾਂ ਪ੍ਰਤੀ ਸੋਚ ਉਨ੍ਹਾਂ ਨੂੰ ਬਾਕੀ ਆਗੂਆਂ ਤੋਂ ਵੱਖਰਾ ਕਰਦੀ ਹੈ। ਉਹ ਹਮੇਸ਼ਾ ਲੋਕਾਂ ਵਿੱਚ ਵਿਚਰਦੇ ਹਨ ਅਤੇ ਹਰ ਦੁੱਖ-ਸੁੱਖ ਵਿੱਚ ਨਾਲ ਖੜ੍ਹੇ ਹੁੰਦੇ ਹਨ। ਇਸੇ ਕਰਕੇ ਹੀ ਉਨ੍ਹਾਂ ਦੀ ਇਲਾਕੇ ਵਿੱਚ ਇੰਨੀ ਮਜ਼ਬੂਤ ਪਕੜ ਬਣੀ ਹੈ।
ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਕੀ ਤੇਜੀ ਮਾਂਗਟ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡਾ ਸਿਆਸੀ ਐਲਾਨ ਕਰਦੇ ਹਨ। ਫਿਲਹਾਲ ਇੱਕ ਗੱਲ ਤਾਂ ਸਾਫ਼ ਹੈ ਕਿ ਬਲਾਚੌਰ ਦੀ ਸਿਆਸਤ ਵਿੱਚ ਤੇਜੀ ਮਾਂਗਟ ਰੈਲਮਾਜਰਾ ਇੱਕ ਅਜਿਹਾ ਨਾਂਅ ਬਣ ਚੁੱਕੇ ਹਨ, ਜਿਸ ਨੂੰ ਨਜ਼ਰਅੰਦਾਜ਼ ਕਰਨਾ ਕਿਸੇ ਵੀ ਪਾਰਟੀ ਲਈ ਆਸਾਨ ਨਹੀਂ ਹੋਵੇਗਾ।