(ਸੰਜੀਵ ਕੁਮਾਰ ਬੌਬੀ) ਨਵਾਂਸ਼ਹਿਰ। ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਜਤਿੰਦਰ ਪਾਲ ਸਿੰਘ ਖੁਰਮੀ ਦੇ ਹੁਕਮਾਂ ਅਤੇ ਸੀ ਜੇ ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ ਅਮਨਦੀਪ ਦੇ ਆਦੇਸ਼ਾਂ ਅਨੂਸਾਰ ਵਿਸ਼ਵ ਵਿਦਿਆਰਥੀ ਦਿਵਸ ਦੇ ਮੌਕੇ ਤੇ ਸਰਕਾਰੀ ਮਿਡਲ ਸਕੂਲ ਪੰਦਰਾਵਲ ਅਤੇ ਸਰਕਾਰੀ ਮਿਡਲ ਸਕੂਲ ਬੁਰਜ ਟਹਿਲ ਦਾਸ ਵਿਖੇ ਜਾਗਰੂਕਤਾ ਸੈਮੀਨਾਰ ਲਗਾਏ ਗਏ।
ਇਸ ਮੌਕੇ ਤੇ ਪੈਰਾ ਲੀਗਲ ਵਲੰਟੀਅਰਜ਼ ਬਲਦੇਵ ਭਾਰਤੀ ਸਟੇਟ ਐਵਾਰਡੀ ਨੇ ਦੱਸਿਆ ਕਿ 15 ਅਕਤੂਬਰ ਨੂੰ ਭਾਰਤ ਦੇ ਮਹਾਨ ਵਿਗਿਆਨੀ, ਮਿਜ਼ਾਈਲ ਮੈਨ, ਸਾਬਕਾ ਰਾਸ਼ਟਰਪਤੀ ਅਤੇ ਵਿਦਿਆਰਥੀਆਂ ਨੂੰ ਦੇਸ਼ ਦੀ ਅਸਲੀ ਪੁੰਜੀ ਮੰਨਣ ਵਾਲੇ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੇ ਜਨਮ ਦਿਨ ਦੀ ਯਾਦ ਵਿੱਚ ਵਿਸ਼ਵ ਵਿਦਿਆਰਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ
ਡਾ. ਕਲਾਮ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਦੇਸ਼ ਦਾ ਭਵਿੱਖ ਮੰਨਦੇ ਸਨ। ਉਹ ਕਹਿੰਦੇ ਸਨ ਕਿ ਇੱਕ ਵਿਦਿਆਰਥੀ ਦਾ ਜੀਵਨ ਸਿਰਫ਼ ਕਿਤਾਬਾਂ ਪੜ੍ਹਨ ਤੱਕ ਸੀਮਤ ਨਹੀਂ ਹੁੰਦਾ, ਬਲਕਿ ਇਹ ਆਪਣੇ ਚਰਿੱਤਰ ਨੂੰ ਉੱਚਾ ਚੁੱਕਣ, ਅਨੁਸ਼ਾਸਨ ਸਿੱਖਣ ਅਤੇ ਚੰਗੇ ਇਨਸਾਨ ਬਣਨ ਦਾ ਸਮਾਂ ਹੁੰਦਾ ਹੈ। ਡਾ. ਕਲਾਮ ਜੀ ਨੇ ਹਮੇਸ਼ਾ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦਾ ਇਹ ਕਥਨ ਬਹੁਤ ਸਾਰੇ ਥਾਵਾਂ ਤੇ ਲਿਖਿਆ ਮਿਲਦਾ ਹੈ ਕਿ “ਸੁਪਨੇ ਉਹ ਨਹੀਂ ਜੋ ਅਸੀਂ ਸੌਂਦੇ ਹੋਏ ਦੇਖਦੇ ਹਾਂ, ਸੁਪਨੇ ਉਹ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ।”
ਇਸ ਮੌਕੇ ਤੇ ਪੀ ਐੱਲ ਵੀ ਜਰਨੈਲ ਸਿੰਘ ਖੁਰਦ ਅਤੇ ਕੂਮਾਰੀ ਸਿਮਰਨਜੋਤ ਭਾਰਤੀ ਨੇ ਦੱਸਿਆ ਕਿ ਡਾ ਅਬਦੁਲ ਕਲਾਮ ਦੀ ਆਤਮਕਥਾ “ਵਿੰਗਜ਼ ਆਫ਼ ਫਾਇਰ”ਅਤੇ ਉਨ੍ਹਾਂ ਦੇ ਵਿਚਾਰ ਵਿਦਿਆਰਥੀਆਂ ਪ੍ਰਤੀ ਉਨ੍ਹਾਂ ਦੀ ਨਿਮਰ ਅਤੇ ਸਮਰਪਿਤ ਪਹੁੰਚ ਨੂੰ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ। ਇਸ ਲਈ ਸੰਯੁਕਤ ਰਾਸ਼ਟਰ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਉਨ੍ਹਾਂ ਦੇ ਜਨਮਦਿਨ 15 ਅਕਤੂਬਰ ਨੂੰ ਵਿਸ਼ਵ ਵਿਦਿਆਰਥੀ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਜੋਤ ਕਿ ਹਰ ਸਾਲ ਦੁਨੀਆ ਭਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਪੋਕਸੋ ਐਕਟ-2012 ਅਤੇ ਜੂਵਨਾਈਲ ਜਸਟਿਸ ਐਕਟ-2015 ਬਾਰੇ ਵੀ ਵਿਸਥਾਰਤ ਜਾਣਕਾਰੀ ਦਿੱਤੀ।
ਇਨ੍ਹਾਂ ਸੈਮੀਨਾਰਾਂ ਦੌਰਾਨ ਮੌਕੇ ਮੁੱਖ ਅਧਿਆਪਕਾ ਪਰਮਜੀਤ ਕੌਰ, ਇੰਚਾਰਜ ਸਹਿਨਾਜ਼ ਅਤੇ ਇੰਚਾਰਜ ਪਰਮਜੀਤ ਕੌਰ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ |