(ਸੁਰਿੰਦਰ ਸਿੰਘ ਸਿੱਧੂ) ਤਰਨ ਤਾਰਨ। ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਵਾਤਾਵਰਣ ਨੂੰ ਸਾਫ-ਸੁਥਰਾ ਬਨਾਉਣ ਹਿੱਤ ਬਾਗ਼ਬਾਨੀ ਮੰਤਰੀ ਪੰਜਾਬ ਫੌਜਾ ਸਿੰਘ ਸਰਾਰੀ ਵੱਲੋਂ 15 ਜੁਲਾਈ ਨੂੰ ਫਲਦਾਰ ਬੂਟੇ ਲਾਉਣ ਦੀ ਮੁਹਿੰਮ ਦੇ ਪਹਿਲੇ ਪੜਾਅ ਦਾ ਅਗਾਜ਼ ਕੀਤਾ ਜਾ ਰਿਹਾ ਹੈ, ਜਿਸ ਅਧੀਨ ਸੂਬੇ ਵਿਚ 1 ਲੱਖ 25 ਹਜ਼ਾਰ ਫਲਦਾਰ ਬੂਟੇ ਲਗਾਏ ਜਾਣੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਦੱਸਿਆ ਕਿ ਜ਼ਿਲੇ ਦੇ ਹਰੇਕ ਪਿੰਡ ਵਿਚ ਸਰਕਾਰੀ ਸਕੂਲਾਂ ਅਤੇ ਸਾਂਝੀਆਂ ਥਾਵਾਂ ‘ਤੇ 10-10 ਫਲਦਾਰ ਬੂਟੇ ਲਗਾਏ ਜਾਣਗੇ। ਡਿਪਟੀ ਡਾਇਰੈਕਟਰ ਬਾਗਬਾਨੀ ਹਰਭਜਨ ਸਿੰਘ ਭੁੱਲਰ ਨੇ ਦੱਸਿਆ ਕਿ ਬੂਟੇ ਲਗਾਉਣ ਸਬੰਧੀ ਸਕੂਲਾਂ ਦੀ ਚੋਣ ਕਰ ਲਈ ਗਈ ਹੈ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਪੂਰਾ ਕਰਦੇ ਹੋਏ ਫਲਦਾਰ ਬੂਟਿਆਂ ਨੂੰ ਲਾਉਣ ਦੀ ਮੁਹਿੰਮ ਨੂੰ ਡਾਇਰੈਕਟਰ ਬਾਗਬਾਨੀ ਪੰਜਾਬ ਸ਼ੈਲਿੰਦਰਜੀਤ ਕੌਰ ਆਈ. ਐੱਫ. ਐੱਸ. ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਦੀ ਅਗਵਾਈ ਵਿਚ ਸਫਲਤਾ ਪੂਰਵਕ ਨੇਪਰੇ ਚਾੜਿਆ ਜਾਵੇਗਾ।