
(ਬਲਵਿੰਦਰ ਕੁਮਾਰ) ਲੁਧਿਆਣਾ।
ਪੰਜਾਬ ਤੋਂ ‘ਆਪ‘ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿੱਚ ਕੈਂਸਰ ਦੇ ਮਰੀਜਾਂ ਦੀ ਗਿਣਤੀ ਵਿੱਚ ਚਿੰਤਾਜਨਕ ਵਾਧੇ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਉਸਾਰੂ ਚਰਚਾ ਕੀਤੀ।
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ੍ਰੀ ਅਰੋੜਾ ਨੇ ਕਿਹਾ ਕਿ ਉਨਾਂ ਨੇ ਮੁੱਖ ਮੰਤਰੀ ਨੂੰ ਕਿ੍ਰਸਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਦੱਸਣਯੋਗ ਹੈ ਕਿ ਇਹ ਟਰੱਸਟ ਗਰੀਬ ਕੈਂਸਰ ਮਰੀਜਾਂ ਦੇ ਇਲਾਜ ਲਈ ਉਨਾਂ ਦੇ ਪਰਿਵਾਰ ਵੱਲੋਂ ਚਲਾਇਆ ਜਾ ਰਿਹਾ ਹੈ ।
ਸ੍ਰੀ ਅਰੋੜਾ ਨੇ ਵਾਅਦਾ ਕੀਤਾ ਕਿ ਟਰੱਸਟ ਵੱਲੋਂ ਲੋੜਵੰਦ ਕੈਂਸਰ ਮਰੀਜਾਂ ਦੇ ਇਲਾਜ ਲਈ ਪੰਜਾਬ ਸਰਕਾਰ ਦੇ ਬਰਾਬਰ ਯੋਗਦਾਨ ਪਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਪ੍ਰਤੀ ਮਰੀਜ ਦਿੱਤੀ ਜਾ ਰਹੀ 1.5 ਲੱਖ ਰੁਪਏ ਦੀ ਸਹਾਇਤਾ ਤੋਂ ਇਲਾਵਾ ਟਰੱਸਟ ਵੱਲੋਂ ਪ੍ਰਤੀ ਮਰੀਜ ਇੰਨੀ ਹੀ ਰਾਸ਼ੀ ਦਾ ਯੋਗਦਾਨ ਪਾਇਆ ਜਾਵੇਗਾ ਅਤੇ ਟਰੱਸਟ ਵੱਲੋਂ ਇਸ ਨੇਕ ਕਾਰਜ ਲਈ ਸਾਲਾਨਾ ਘੱਟੋ-ਘੱਟ 100 ਮਰੀਜਾਂ ਦੀ ਦੇਖਭਾਲ ਕੀਤੀ ਜਾਵੇਗੀ।
ਉਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਇਸ ਬਿਮਾਰੀ ਨਾਲ ਲੜਨ ਅਤੇ ਸੂਬੇ ਵਿੱਚ ਕੈਂਸਰ ਦੇ ਲੋੜਵੰਦ ਮਰੀਜਾਂ ਦੀ ਮਦਦ ਲਈ ਮੇਰੇ ਪਰਿਵਾਰ ਵੱਲੋਂ ਇਸਨੂੰ ਯੋਗਦਾਨ ਮੰਨਿਆ ਜਾ ਸਕਦਾ ਹੈ।
ਕਿ੍ਰਸਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ 2005 ਵਿੱਚ ਸ੍ਰੀ ਸੰਜੀਵ ਅਰੋੜਾ ਦੇ ਮਾਤਾ-ਪਿਤਾ ਦੀ ਯਾਦ ਵਿੱਚ ਬਣਾਇਆ ਗਿਆ ਸੀ। ਸ੍ਰੀ ਅਰੋੜਾ ਦੇ ਮਾਤਾ ਕਿ੍ਰਸਨਾ ਅਰੋੜਾ ਇਸ ਜਾਨਲੇਵਾ ਬਿਮਾਰੀ ਦਾ ਦੇਰ ਨਾਲ ਪਤਾ ਲੱਗਣ ਕਾਰਨ ਘੱਟ ਉਮਰ ਵਿੱਚ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਇਸ ਟਰੱਸਟ ਨੂੰ ਬਣਾਉਣ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਇਸ ਜਾਨਲੇਵਾ ਬਿਮਾਰੀ ਬਾਰੇ ਜਾਗਰੂਕ ਕਰਨਾ ਅਤੇ ਇਸ ਬਿਮਾਰੀ ਤੋਂ ਪੀੜਤ ਗਰੀਬ ਮਰੀਜਾਂ ਦਾ ਮੁਫਤ ਇਲਾਜ ਕਰਨਾ ਸੀ।
ਟਰੱਸਟ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਅਤੇ ਜਾਗਰੂਕਤਾ ਲਈ ਵੱਖ-ਵੱਖ ਥਾਵਾਂ ‘ਤੇ ਕੈਂਪ ਲਗਾਏ ਗਏ ਹਨ। ਇਸ ਤੋਂ ਇਲਾਵਾ ਟਰੱਸਟ ਵੱਲੋਂ ਕੈਂਸਰ ਦੇ 178 ਮਰੀਜਾਂ ਦਾ ਮੁਫਤ ਇਲਾਜ ਵੀ ਕਰਵਾਇਆ ਗਿਆ ਹੈ। ਮੁਫਤ ਇਲਾਜ ਵਿੱਚ ਲੋੜ ਪੈਣ ‘ਤੇ ਸਰਜਰੀ ਅਤੇ ਮਰੀਜ ਨੂੰ ਸਾਰੀਆਂ ਦਵਾਈਆਂ ਦੇਣਾ ਵੀ ਸਾਮਲ ਹੈ।
ਮੁੱਖ ਮੰਤਰੀ ਨੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਹ ਲੋੜਵੰਦ ਮਰੀਜਾਂ ਦੀ ਮਦਦ ਲਈ ਵਧੇਰੇ ਸਹਾਈ ਸਿੱਧ ਹੋਵੇਗਾ।