
ਬਲਾਚੌਰ(ਜਤਿੰਦਰਪਾਲ ਸਿੰਘ ਕਲੇਰ) : ਇਲਾਕੇ ਦੀ ਸਿਹਤ ਸੇਵਾਵਾਂ ਵਿੱਚ ਆਪਣਾ ਵੱਖਰਾ ਮੁਕਾਮ ਰੱਖਣ ਵਾਲੇ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਵੱਲੋਂ ਇੱਕ ਵਾਰ ਫਿਰ ਮਾਨਵਤਾ ਦੀ ਸੇਵਾ ਲਈ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਸੂਰੀ ਹਸਪਤਾਲ ਦੇ ਬਾਨੀ ਅਤੇ ਇਲਾਕੇ ਦੇ ਗਰੀਬਾਂ ਦੇ ਮਸੀਹਾ ਕਹੇ ਜਾਂਦੇ ਸਵਰਗੀ ਡਾਕਟਰ ਉਜਾਗਰ ਸਿੰਘ ਸੂਰੀ ਦੀ ਪਹਿਲੀ ਬਰਸੀ ਨੂੰ ਸਮਰਪਿਤ ਇੱਕ ਵਿਸ਼ਾਲ ਮੈਂਗਾ ਅੱਖਾਂ ਜਾਂਚ ਅਤੇ ਖੂਨਦਾਨ ਕੈਂਪ ਦਾ ਲਗਾਇਆ ਜਾ ਰਿਹਾ ਹੈ।
ਇਹ ਕੈਂਪ ਆਗਾਮੀ 18 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਬਲਾਚੌਰ ਦੇ ਮਹਿੰਦੀਪੁਰ ਰੋਡ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਰੀ ਹਸਪਤਾਲ ਦੇ ਮੌਜੂਦਾ ਸੰਚਾਲਕ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗੀ ਡਾ. ਉਜਾਗਰ ਸਿੰਘ ਸੂਰੀ ਇੱਕ ਉੱਘੇ ਸਮਾਜ ਸੇਵੀ ਸਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਲਾਕੇ ਦੇ ਲੋਕਾਂ ਦੀ ਸੇਵਾ ਵਿੱਚ ਲਗਾ ਦਿੱਤੀ। ਉਨ੍ਹਾਂ ਵੱਲੋਂ ਭੱਦੀ ਰੋਡ ਬਲਾਚੌਰ ਵਿਖੇ ਸਥਾਪਿਤ ਕੀਤੇ ਗਏ ਸੂਰੀ ਹਸਪਤਾਲ ਦੀ ਨੀਂਹ ਇੰਨੀ ਮਜ਼ਬੂਤ ਰੱਖੀ ਗਈ ਸੀ ਕਿ ਅੱਜ ਉਨ੍ਹਾਂ ਦੀ ਮਿਹਨਤ ਅਤੇ ਇਮਾਨਦਾਰੀ ਸਦਕਾ ਇਹ ਹਸਪਤਾਲ ਇਲਾਕੇ ਦੇ ਨਾਮੀ ਅਤੇ ਭਰੋਸੇਮੰਦ ਹਸਪਤਾਲਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਹੈ। ਡਾਕਟਰ ਸੂਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਵੱਲੋਂ ਦਿਖਾਏ ਗਏ ਰਾਹ ਅਤੇ ਦਿੱਤੇ ਗਏ ਸੰਸਕਾਰਾਂ ਤੇ ਚੱਲਦਿਆਂ ਅੱਜ ਉਹ ਖੁਦ ਅਤੇ ਉਨ੍ਹਾਂ ਦੀ ਧਰਮਪਤਨੀ ਡਾਕਟਰ ਅਮਨਦੀਪ ਕੌਰ ਸੂਰੀ (ਔਰਤਾਂ ਦੇ ਰੋਗਾਂ ਦੇ ਮਾਹਿਰ ) ਜੋ ਵਿਦੇਸ਼ਾਂ ਤੋਂ ਉੱਚ ਸਿੱਖਿਆ ਪ੍ਰਾਪਤ ਕਰਕੇ ਵਾਪਸ ਪਰਤੇ ਹਨ, ਇਲਾਕੇ ਦੇ ਮਰੀਜ਼ਾਂ ਦੀ ਦਿਨ ਰਾਤ ਸੇਵਾ ਕਰ ਰਹੇ ਹਨ।
ਇਸ ਵਿਸ਼ਾਲ ਕੈਂਪ ਦੌਰਾਨ ਜਿੱਥੇ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦੀ ਜਾਂਚ ਕਰਕੇ ਲੋੜਵੰਦਾਂ ਮੁਫਤ ਲੈਂਨਜ਼ ਪਾਏ ਜਾਣਗੇ , ਇਸੀ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਪਿੱਤੇ ਦੀ ਪੱਥਰੀ, ਬੱਚੇਦਾਨੀ ਅਤੇ ਹਰਨੀਆਂ ਵਰਗੇ ਵੱਡੇ ਓਪਰੇਸ਼ਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸਿਰਫ 17 ਹਜ਼ਾਰ ਰੁਪਏ ਵਿੱਚ ਕੀਤੇ ਜਾਣਗੇ। ਡਾਕਟਰ ਭੁਪਿੰਦਰ ਸੂਰੀ ਨੇ ਦੱਸਿਆ ਕਿ ਇਹ ਸੇਵਾ ਉਨ੍ਹਾਂ ਦੇ ਪਿਤਾ ਦੀ ਸੋਚ ਨੂੰ ਅੱਗੇ ਵਧਾਉਣ ਲਈ ਕੀਤੀ ਜਾ ਰਹੀ ਹੈ ਤਾਂ ਜੋ ਗਰੀਬ ਤੋਂ ਗਰੀਬ ਵਿਅਕਤੀ ਵੀ ਚੰਗਾ ਇਲਾਜ਼ ਕਰਵਾ ਸਕੇ।
ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਨੁੱਖਤਾ ਦੀ ਭਲਾਈ ਲਈ ਲਗਾਏ ਜਾ ਰਹੇ ਕੈਂਪ ਵਿੱਚ ਵੱਧ ਚੜ੍ਹ ਕੇ ਪਹੁੰਚ ਕੇ ਇਸ ਦਾ ਲਾਭ ਉਠਾਇਆ ਜਾਵੇ। ਉਨ੍ਹਾਂ ਕਿਹਾ ਕਿ ਸਵਰਗੀ ਡਾਕਟਰ ਉਜਾਗਰ ਸਿੰਘ ਸੂਰੀ ਨੇ ਇਲਾਕੇ ਲਈ ਜੋ ਸੇਵਾਵਾਂ ਨਿਭਾਈਆਂ ਹਨ, ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਅਜਿਹੇ ਸਮਾਜ ਸੇਵੀ ਕਾਰਜਾਂ ਰਾਹੀਂ ਤਾਜ਼ਾ ਰੱਖਿਆ ਜਾਵੇਗਾ।ਇਸ ਮੌਕੇ ਉਨ੍ਹਾਂ ਨਾਲ ਡਾਕਟਰ ਉਜਾਗਰ ਸਿੰਘ ਦੇ ਵੱਡੇ ਸਪੁੱਤਰ ਅਮਨ ਸੂਰੀ (ਅਮਰੀਕਾ ) ਵੀ ਨਾਲ ਸਨ।