
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ ) ਮਾਨਸਾ ਵਿੱਚ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ
ਸਿੰਘ ਝੋਟੇ ਦੇ ਦਿਨ ਦਿਹਾੜੇ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਕਤਲ ਕਰਨ ਮਗਰੋਂ ਪੰਜਾਬ ਵਿੱਚ ਜ਼ਬਰਦਸਤ ਤਣਾਅ ਦੇਖਣ ਨੂੰ ਮਿਲਿਆ ਇਸ ਸਬੰਧੀ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ ਗਈ। ਇਸ ਸਬੰਧੀ ਪੱਤਰਕਾਰਾਂ ਨਾਲ ਕਾਠਗੜ੍ਹ ਵਿਖੇ ਗੱਲਬਾਤ ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰੇਮੀ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੱਡੇ ਵੱਡੇ ਉਪਰਾਲੇ ਕਰਨ ਵਾਲੇ ਰਵੀ ਇੰਦਰ ਸਿੰਘ ਬਾਗੋਵਾਲ ਨੇ ਕਿਹਾ ਪੰਜਾਬ ਦੇ ਧੀਆਂ ਪੁੱਤਾਂ ਖਾਤਰ ਲੜਨ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਦਿਨ ਦਿਹਾੜੇ ਕੀਤੇ ਗਏ ਕਤਲ ਨੇ ਸਾਬਿਤ ਕਰ ਦਿੱਤਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਸਲੋਗਨ ਰਾਹੀਂ ਚਲਾਈ ਜਾ ਰਹੀ ਮੁਹਿੰਮ ਯੁੱਧ ਪੰਜਾਬ ਦੀ ਜਵਾਨੀ ਵਿਰੁੱਧ ਸਾਬਿਤ ਹੋ ਗਈ ਹੈ। ਰਵੀਇੰਦਰ ਬਾਗੋਵਾਲ ਨੇ ਕਿਹਾ ਕਿ ਜਿਸ ਮੈਡੀਕਲ ਸਟੋਰ ਤੇ ਪਹਿਲਾਂ ਵੀ ਕਈ ਵਾਰ ਨਸ਼ਾ ਵਿਕਣ ਦੇ ਦੋਸ਼ ਲੱਗ ਚੁੱਕੇ ਹਨ ਫਿਰ ਉਹਨਾਂ ਨੂੰ ਅਸਲੇ ਦੇ ਲਾਈਸੰਸ ਕਿੱਦਾਂ ਜਾਰੀ ਹੋ ਜਾਂਦੇ ਹਨ ? ਜਿਸ ਅੰਦਾਜ਼ ਵਿੱਚ ਪਰਵਿੰਦਰ ਸਿੰਘ ਝੋਟੇ ਦਾ ਕਤਲ ਕਰਕੇ ਮੈਡੀਕਲ ਸਟੋਰ ਮਾਲਕ ਬੇਖੌਫ ਹੋ ਕੇ ਘੁੰਮ ਰਿਹਾ ਸੀ ਅਤੇ ਪੁਲਿਸ ਹਾਲੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਇਸ ਤੋਂ ਸਾਬਤ ਹੋ ਚੁੱਕਾ ਹੈ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਹਾਲਤ ਬਹੁਤ ਪਤਲੀ ਹੋ ਗਈ ਹੈ। ਰਵੀ ਇੰਦਰ ਬਾਗੋਵਾਲ ਨੇ ਦੱਸਿਆ ਕਿ ਥੋੜੀ ਥੋੜੀ ਮਾਤਰਾ ਵਿੱਚ ਨਸ਼ੇ ਨਾਲ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਸੁੱਟੇ ਗਏ ਪੰਜਾਬ ਦੇ ਨੌਜਵਾਨ ਤਾਂ ਉਹ ਬਿਮਾਰ ਨੌਜਵਾਨ ਸਨ ਜੋ ਨਸ਼ੇ ਤੇ ਲੱਗ ਕੇ ਆਪਣੀ ਅਤੇ ਪਰਿਵਾਰ ਦੀ ਬਰਬਾਦੀ ਕਰ ਰਹੇ ਉਨਾਂ ਦਾ ਸਹੀ ਇਲਾਜ ਤੇ ਉਹਨਾਂ ਨੂੰ ਇਸ ਦਲਦਲ ਚੋਂ ਕੱਢਣ ਲਈ ਇੱਕ ਚੰਗੇ ਪ੍ਰਬੰਧਾਂ ਦੀ ਲੋੜ ਸੀ ਜਦ ਕਿ ਨਸ਼ੇ ਦੇ ਸਮਗਲਰ, ਕਿੰਗ-ਪਿਨ, ਅਤੇ ਵੱਡੇ ਮਗਰਮੱਛ ਹਾਲੇ ਵੀ ਸ਼ਰੇਆਮ ਘੁੰਮ ਰਹੇ ਹਨ ਅਤੇ ਉਹਨਾਂ ਖਿਲਾਫ ਜੰਗ ਲੜ ਰਹੇ ਪਰਵਿੰਦਰ ਸਿੰਘ ਝੋਟੇ ਵਰਗੇ ਨੌਜਵਾਨਾਂ ਦਾ ਸ਼ਰੇ ਬਾਜ਼ਾਰ ਕਤਲ ਕੀਤਾ ਜਾ ਰਿਹਾ ਹੈ। ਰਵੀਇੰਦਰ ਬਾਗੋਵਾਲ ਨੇ ਆਖਿਆ ਕਿ ਇਸ ਸਮੇਂ ਸਭ ਤੋਂ ਵੱਡੀ ਜਰੂਰਤ ਪੰਜਾਬ ਸਰਕਾਰ ਨੂੰ ਬਰਖਾਸਤ ਕਰਕੇ ਪੰਜਾਬ ਵਿੱਚ ਨਿਰਪੱਖ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਅਤੇ ਪੰਜਾਬ ਪੁਲਿਸ ਵਿੱਚ ਭ੍ਰਿਸਟ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਅਫਸਰਾਂ ਦੀ ਜਾਂਚ ਕਰਕੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਰਵੀ ਇੰਦਰ ਬਾਗੋਵਾਲ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਹੋਲਡਿੰਗ ਲਾ ਕੇ ਪ੍ਰਚਾਰ ਕੀਤਾ ਜਾ ਰਿਹਾ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਵਿੱਚ ਸਫਲ ਹਾਂ ਜਿਸ ਦੀ ਫੂਕ ਹੁਣ ਚੰਗੀ ਤਰ੍ਹਾਂ ਨਿਕਲ ਕੇ ਲੋਕਾਂ ਦੇ ਸਾਹਮਣੇ ਆ ਗਈ ਹੈ। ਰਵੀਇੰਦਰ ਬਾਗੋਵਾਲ ਨੇ ਆਖਿਆ ਕਿ ਸਿਰਫ ਨਸ਼ਿਆਂ ਖਿਲਾਫ ਲੜਨ ਵਾਲੇ ਹੀ ਨਹੀਂ ਬਲਕਿ ਸਰਕਾਰ ਦੀਆਂ ਹੋਰ ਕਮਜ਼ੋਰੀਆਂ ਨੂੰ ਉਜਾਗਰ ਕਰਨ ਵਾਲੇ ਸੋਸ਼ਲ ਐਕਟਿਵਿਸਟਾਂ ਅਤੇ ਪੱਤਰਕਾਰਾਂ ਨੂੰ ਵੀ ਜੇਲਾਂ ਵਿੱਚ ਡੱਕਣ ਦਾ ਪ੍ਰਬੰਧ ਇਸ ਜਾਲਮ ਸਰਕਾਰ ਨੇ ਵੱਡੇ ਪੱਧਰ ਤੇ ਕੀਤਾ ਹੈ। ਸ਼ਾਇਦ ਨਸ਼ੇ ਦੇ ਸੌਦਾਗਰਾਂ ਨੂੰ ਲੱਗਦਾ ਹੋਵੇ ਕਿ ਇਸ ਕਤਲ ਨਾਲ ਪੰਜਾਬ ਵਿੱਚ ਡਰ ਦਾ ਮਾਹੌਲ ਬਣਾ ਕੇ ਉਹ ਆਪਣੇ ਬੁਰੇ ਕੰਮਾਂ ਨੂੰ ਹੋਰ ਅੱਗੇ ਵਧਾਉਣਗੇ ਪਰ ਪੰਜਾਬ ਦੇ ਲੋਕ ਅਸਲ ਵਿੱਚ ਪਰਵਿੰਦਰ ਝੋਟੇ ਵਰਗੇ ਨੌਜਵਾਨ ਦੀ ਕੁਰਬਾਨੀ ਨੂੰ ਅਜਾਇਆ ਨਹੀਂ ਜਾਣ ਦੇਣਗੇ। ਰਵੀ ਇੰਦਰ ਬਾਗੋਵਾਲ ਨੇ ਆਖਿਆ ਕਿ ਝੋਟੇ ਦੇ ਪਰਿਵਾਰ ਅਤੇ ਇਨਸਾਫ ਲਈ ਲੜਨ ਵਾਲੀਆਂ ਸਮਾਜਿਕ ਜਥੇਬੰਦੀਆਂ ਜੋ ਵੀ ਇਸ ਘਟਨਾ ਮਗਰੋਂ ਪੰਜਾਬ ਵਿੱਚ ਸੰਘਰਸ਼ ਵਿਡਣਗੀਆਂ ਉਨ੍ਹਾਂ ਵੱਡੇ ਪੱਧਰ ਤੇ ਸਾਥ ਦਿੱਤਾ ਜਾਵੇਗਾ।