
ਸਜਾਵਟੀ, ਜੈੱਲ ਅਤੇ ਫਲੋਟਿੰਗ ਮੋਮਬੱਤੀਆਂ ਦੀ ਕੀਤੀ ਗਈ ਵਿਕਰੀ, ਸਕੂਲ ਪ੍ਰਬੰਧਕਾਂ ਨੇ ਬੱਚਿਆਂ ਦੇ ਹੁਨਰ ਦੀ ਕੀਤੀ ਸ਼ਲਾਘਾ
ਹੁਸ਼ਿਆਰਪੁਰ(ਤਰਸੇਮ ਦੀਵਾਨਾ) — ਜੇ.ਐੱਸ.ਐੱਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ ਵਿਸ਼ੇਸ਼ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਮੋਮਬੱਤੀਆਂ ਦੀ ਪ੍ਰਦਰਸ਼ਨੀ ਟ੍ਰਿਨਿਟੀ ਸਕੂਲ ਅਸਲਪੁਰ ਵਿਖੇ ਲਗਾਈ ਗਈ। ਇਸ ਮੌਕੇ ਟ੍ਰਿਨਿਟੀ ਸਕੂਲ ਦੀ ਡਾਇਰੈਕਟਰ ਸ੍ਰੀਮਤੀ ਅਨੀਤਾ ਲਾਰੈਂਸ ਵੱਲੋਂ ਵਿਸ਼ੇਸ਼ ਬੱਚਿਆਂ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਮਾਰਗਦਰਸ਼ਨ ਵੀ ਕੀਤਾ ਗਿਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕੋਆਰਡੀਨੇਟਰ ਨੇਹਾ ਸੂਦ, ਸ੍ਰੀਮਤੀ ਵੀਨੂ ਓਹਰੀ, ਸਿਮਰਨ ਕੌਰ ਅਤੇ ਕੈਂਪਸ ਮੈਨੇਜਰ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ। ਇਸ ਦੌਰਾਨ ਟ੍ਰਿਨਿਟੀ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਬੱਚਿਆਂ ਵੱਲੋਂ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਸਜਾਵਟੀ ਮੋਮਬੱਤੀਆਂ, ਜੈੱਲ ਮੋਮਬੱਤੀਆਂ ਅਤੇ ਫਲੋਟਿੰਗ ਮੋਮਬੱਤੀਆਂ ਦੀ ਖਰੀਦਦਾਰੀ ਕੀਤੀ। ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਵੱਲੋਂ ਕੀਤੇ ਗਏ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ।ਇਸ ਮੌਕੇ ਆਸ਼ਾ ਕਿਰਨ ਸਕੂਲ ਦੀ ਪ੍ਰਿੰਸੀਪਲ ਸ਼ੈਲੀ ਸ਼ਰਮਾ ਨੇ ਦੱਸਿਆ ਕਿ ਸਕੂਲ ਵਿੱਚ ਮੋਮਬੱਤੀਆਂ ਤਿਆਰ ਕਰਨ ਦਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਵਿਸ਼ੇਸ਼ ਬੱਚਿਆਂ ਨੂੰ ਹੱਥੀਂ ਕੰਮ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਵੱਲੋਂ ਵੱਖ-ਵੱਖ ਕਿਸਮਾਂ ਦੀਆਂ ਮੋਮਬੱਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਵੀ ਪੈਦਾ ਹੁੰਦਾ ਹੈ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇੜੂ ਅਤੇ ਹਰਮੇਸ਼ ਤਲਵਾੜ ਨੇ ਟ੍ਰਿਨਿਟੀ ਸਕੂਲ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੌਕਾ ਦੇਣ ਵਾਸਤੇ ਉਨ੍ਹਾਂ ਦੀ ਸ਼ਲਾਘਾ ਕੀਤੀ ! ਇਸ ਮੌਕੇ ਵਿਸ਼ੇਸ਼ ਬੱਚੇ ਗੁਲਸ਼ਨ ਸ਼ਰਮਾ, ਕੁਲਦੀਪ, ਤਨਿਸ਼ਾ, ਰੋਹਿਤ ਅਤੇ ਸ਼ਿਲਪਾ ਤੋਂ ਇਲਾਵਾ ਅਧਿਆਪਕਾ ਅਨੀਤਾ ਰਾਣੀ, ਸੁਨੀਤਾ, ਰਜਨੀ ਬਾਲਾ, ਮਨੀ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਇੰਦੂ ਬਾਲਾ ਵੀ ਮੌਜੂਦ ਸਨ।