ਕਦੋਂ ਤੱਕ ਬੇਗਾਨੀ ਝਾਕ ‘ਚ ਉਡੀਕਦੇ ਰਹੋਗੇ, ਕੌਮ ਦਾ ਸੁਆਰਨ ਲਈ ਸਾਨੂੰ ਆਪਣੇ ਆਪ ਨੂੰ ਹੀ ਪਹਿਲਕਦਮੀ ਕਰਨੀ ਪਵੇਗੀ-ਬੀਬੀ ਹੰਬੜਾਂ
ਹੁਸ਼ਿਆਰਪੁਰ /ਸਰਾਭਾ (ਤਰਸੇਮ ਦੀਵਾਨਾ) : ਦੂਜਿਆਂ ਲਈ ਜਿਉਣਾ ਬੰਦੇ ਦੀ ਜਿੰਦਗੀ ਦਾ ਮਨੋਰਥ ਹੋਣਾ ਚਾਹੀਦਾ, ਕਿਉਕਿ ਆਪਣੇ ਲਈ ਤਾਂ ਜਾਨਵਰ ਤੇ ਜਨੌਰ ਵੀ ਜਿਉਦੇ ਨੇ। ਮਨੁੱਖਾ ਜਨਮ ‘ਚ ਆਪਣੇ ਲਈ ਅਤੇ ਆਪਣਿਆਂ ਲਈ, ਭਾਵ ਮਨੁੱਖ ਦੀ ਦੂਜਿਆਂ ਲਈ ਜਿਉਣ ਦੀ ਅਹਿਮੀਅਤ ਹੋਵੇ, ਨਾ ਕਿ ਕੇਵਲ ਆਪਣੇ ਲਈ ਹੀ, ਇਹ ਕਦਾਚਿਤ ਦਸਤੂਰ ਨਹੀਂ। ਉਪ੍ਰੋਕਤ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਪਰਮਜੀਤ ਕੌਰ ਹੰਬੜਾਂ ਨੇ ਜੰਗ-ਏ-ਅਜਾਦੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਪਿੰਡ ਸਰਾਭਾ ਦੇ ਮੁੱਖ ਸ਼ਹੀਦ ਸਰਾਭਾ ਚੌਕ ਸਥਿੱਤ ਬੁੱਤ ਦੇ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ 38ਵੇਂ ਦਿਨ ਭੁੱਖ ਹੜਤਾਲ ‘ਚ ਸ਼ਾਮਲ ਹੋਣ ਮੌਕੇ ਪੱਤਰਕਾਰਾਂ ਦੇ ਰੂ-ਬ-ਰੂ ਵਿਚਾਰਾਂ ਦੀ ਸਾਂਝ ਪਾਉਦਿਆਂ ਹਲੂਣਾ ਦਿੰਦਿਆਂ ਕਿਹਾ,“ਆਪੋ-ਆਪਣਿਆਂ ਘਰਾਂ ‘ਚ ਜਾਣ ਵਾਲਿਓ, ਜਰਾ ਆਪਾ ਵਿਚਾਰ ਕੇ ਵੇਖਿਓ, ਜੇ ਤੁਸੀ ਆਪਣੇ ਜੁਆਕਾਂ ‘ਚ ਬੈਠਦੇ ਹੋ, ਤਾਂ ਸਜਾਵਾਂ ਪੂਰੀਆਂ ਕਰਨ ਦੇ ਬਾਵਜ਼ੂਦ ਕਾਲ ਕੋਠੜੀਆਂ ਦੀਆਂ ਸਿਲਾਖਾਂ ਪਿਛੇ ਬੰਦੀ ਸਿੰਘ ਕਿਉਂ ਨੇ? ਉਨ੍ਹਾਂ ਬੇਬਾਕੀ ਭਰੇ ਬੋਲਾਂ ‘ਚ ਕਿਹਾ ਕਿ ਸਾਡੀ ਕੌਮ ਦੇ ਨਾਮ ‘ਤੇ ਸਿਆਸਤਾਂ ਕਰਨ ਵਾਲੇ ਆਗੂ ਕੌਮੀ ਫਰਜ਼ਾਂ ਨਾਲੋਂ ਨਿੱਜ ਸੁਆਰਥ ਲਈ ਵਧੇਰੇ ਕਾਰਜ਼ਸ਼ੀਲ ਰਹੇ, ਇਸੇ ਕਰਕੇ ਕੌਮੀ ਧੌਧਿਆਂ ਵੱਲ ਕਿਸੇ ਧਿਆਨ ਨਾ ਕੀਤਾ। ਜਿਹੜੀ ਬੋਲੀ ਰਾਜੇ ਬੋਲਦੇ ਰਹੇ ਉਹੀ ਕੰਮ ਪ੍ਰਜਾ ਨੇ ਸਮਝਿਅ, ਭਾਵ ਕੌਮੀ ਫਰਜ਼ਾਂ ਵਲੋਂ ਸਾਡੀ ਅਣਗਹਿਲੀ ਜਾਂ ਅਵੇਸਲਾਪਣ। 10-10 ਵਰ੍ਹੇ ਰਾਜ ਦਾ ਅਨੰਦ ਮਾਨਣ ਵਾਲਿਆਂ ਨੇ ਬੰਦੀ ਸਿੰਘਾਂ ਵੱਲ ਕੌਮੀ ਫਰਜ਼ ਸਮਝਦਿਆਂ ਧਿਆਨ ਨਾਲ ਕਾਰਜ਼ ਕਿਉਂ ਨਾ ਕੀਤੇ”। ਉਨ੍ਹਾਂ ਇਸ਼ਾਰਾ ਕਰਦਿਆਂ ਕਿਹਾ ਬਲਦੇਵ ਸਿੰਘ ‘ਦੇਵ ਸਰਾਭਾ’ ਵਰਗੇ ਵਿਰਲੇ ਪੁਰਸ਼ ਹੀ ਕੌਮੀ ਕਾਰਜ਼ਾਂ ਲਈ ਸੀਮਤ ਸਾਧਨਾਂ ਆਸਰੇ ਕਾਰਜ਼ਸ਼ੀਲ ਰਹਿੰਦੇ ਹਨ। ਉਨ੍ਹਾਂ ਹਲੂਣਾ ਦਿੰਦਿਆਂ ਕਿਹਾ ਕਦੋਂ ਤੱਕ ਬੇਗਾਨੀ ਝਾਕ ‘ਚ ਉਡੀਕਦੇ ਰਹੋਗੇ, ਕਿ ਕੋਈ ਆਵੇਗਾ ਸਾਡਾ ਕੁਝ ਸਵਾਰੇਗਾ। ਜਦਕਿ ਆਪਣਾ ਭਾਵ ਕੌਮ ਦਾ ਸੁਆਰਨ ਲਈ ‘ਦੇਵ’ ਵੀਰ ਵਾਂਗੂੰ ਸਾਨੂੰ ਆਪਣੇ ਆਪ ਨੂੰ ਹੀ ਪਹਿਲਕਦਮੀ ਕਰਨੀ ਪਵੇਗੀ। ਇਥੇ ਦੱਸਣਾ ਜਰੂਰੀ ਬਣਦਾ ਹੈ ਕਿ ਬੀਬੀ ਜੀ ਨੇ ਆਪਣੇ ਸਤਿਕਾਰਯੋਗ ਮਾਤਾ ਜੀ ਜੋ ਕਿ ਬਿਮਾਰੀ ਦੀ ਹਾਲਤ ‘ਚ ਹਸਪਤਾਲ ‘ਚ ਜੇਰੇ ਇਲਾਜ ਹਨ, ਦੀ ਸੁੱਖ-ਸਾਂਦ ਪੁੱਛਣ ਤੋਂ ਵਧੇਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਚ ਹਾਜ਼ਰੀ ਲਗਵਾਉਣ ਨੂੰ ਪਹਿਲ ਦਿੱਤੀ। ਅੱਜ ਦੀ ਭੁੱਖ ਹੜਤਾਲ ‘ਚ ਬੀਬੀ ਪਰਮਜੀਤ ਕੌਰ ਹੰਬੜਾ ,ਅਮਰਜੀਤ ਸਿੰਘ ਸਰਾਭਾ, ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ ਆਦਿ ਦੇਵ ਸਰਾਭਾ ਨਾਲ ਬੈਠੇ ਜਦਕਿ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜਾਦ ,ਕੈਪਟਨ ਰਾਮ ਲੋਕ ਸਿੰਘ ਸਰਾਭਾ, ਪੰਚ ਪ੍ਰਦੀਪ ਸਿੰਘ ਸਰਾਭਾ, ਬਾਵਾ ਖਾ ਕਲਸੀਆਂ ਹਰਦੀਪ ਸਿੰਘ, ਅਮਨਦੀਪ ਸਿੰਘ ਬੱਲੋਵਾਲ ,ਗੁਰਜੀਤ ਸਿੰਘ ਰੱਤੋਵਾਲ ਨੇ ਵੀ ਹਾਜ਼ਰੀ ਭਰੀ।