
– ਹੈਡਫ਼ੋਨ ਅਤੇ ਈਅਰਫੋਨ ਰਾਹੀਂ ਉੱਚੀ ਅਵਾਜ਼ ਵਿੱਚ ਗਾਣੇ ਸੁਣਨ ਨਾਲ ਹੁੰਦਾ ਹੈ ਨੁਕਸਾਨ
– ਕੰਨਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ
ਫ਼ਰੀਦਕੋਟ (Check Post) : ਸਿਵਿਲ ਸਰਜਨ ਫ਼ਰੀਦਕੋਟ ਡਾ ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਫ਼ਰੀਦਕੋਟ ਦੇ ਸਾਰੇ ਸਰਕਾਰੀ ਸਿਹਤ ਸੰਸਥਾਨਾਂ ਵਿੱਖੇ ਅੱਜ ਬੋਲਾਪਣ ਤੋਂ ਬਚਾਅ ਅਤੇ ਕੰਟਰੋਲ ਸੰਬਧੀ ਰਾਸ਼ਟਰੀ ਪ੍ਰੋਗਰਾਮ ਹੇਠ ‘ ਵਿਸ਼ਵ ਸੁਣਨ ਸ਼ਕਤੀ ਦਿਵਸ ‘ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ ਸੰਜੇ ਕਪੂਰ ਵਲੋਂ ਆਮ ਲੋਕਾਂ ਨੂੰ ਇਸ ਰੋਗ ਤੋਂ ਜਾਗਰੂਕ ਕਰਨ ਅਤੇ ਬਚਾਓ ਲਈ ਸੰਦੇਸ਼ ਵਾਲਾ ਬੈਨਰ ਅਤੇ ਪੋਸਟਰ ਜਾਰੀ ਕੀਤਾ ਗਿਆ। ਸਿਹਤ ਵਿਭਾਗ ਵਲੋਂ ਇਸ ਦਿਵਸ ਮਨਾਉਣਾ ਦਾ ਮੰਤਵ ਦੱਸਦਿਆਂ ਸਿਵਲ ਸਰਜਨ ਫ਼ਰੀਦਕੋਟ ਡਾ ਸੰਜੇ ਕਪੂਰ ਨੇ ਦੱਸਿਆ ਕਿ ਰੋਜ਼ਾਨਾ ਵਰਤੀ ਜਾਂਦੀ ਲਾਪਰਵਾਹੀ ਕਾਰਨ ਆਮ ਲੋਕਾਂ ਵਿੱਚ ਸੁਣਨ ਸ਼ਕਤੀ ਘੱਟ ਹੋਣ ਨਾਲ ਸੰਬਧਤ ਬਿਮਾਰੀਆਂ ਦੀ ਗਿਣਤੀ ਵੱਧ ਰਹੀ ਹੈ। ਪਹਿਲਾਂ ਇਹ ਲੱਛਣ ਜਿਆਦਾਤਰ ਵੱਡੀ ਉਮਰ ਦੇ ਲੋਕਾਂ ਵਿੱਚ ਪਾਏ ਜਾਂਦੀ ਸੀ, ਪਰ ਹੁਣ ਨੌਜਵਾਨ ਵਰਗ ਵਿੱਚ ਵੀ ਸੁਣਨ

ਸ਼ਕਤੀ ਘੱਟ ਹੋਣ ਦੇ ਮਰੀਜ ਜਿਆਦਾ ਹੋ ਰਹੇ ਹਨ। ਇਸਦਾ ਇੱਕ ਵੱਡਾ ਕਾਰਨ ਬੱਚਿਆਂ ਅਤੇ ਨੌਜਵਾਨ ਵਰਗ ਵਲੋਂ ਹੈਡਫੋਨ ਅਤੇ ਈਅਰਫੋਨ ਲਗਾ ਕੇ ਮੋਬਾਈਲ ਫੋਨਾਂ ਰਾਹੀਂ ਉੱਚੀ ਅਵਾਜ ਵਿੱਚ ਗਾਣੇ ਸੁਣਨਾ ਹੈ। ਕੰਨ, ਨੱਕ ਅਤੇ ਗਲੇ ਦੀ ਬਿਮਾਰੀਆਂ ਦੇ ਮਾਹਰ ਡਾਕਟਰ ਮਨਪ੍ਰੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੰਨ ਵਿੱਚ ਦਰਦ ਹੋਣਾ ਜਾਂ ਖੂਨ ਵੱਗਣਾ ਗੰਭੀਰ ਸਮੱਸਿਆ ਹੋਣ ਤੇ ਤੂਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸੁਣਨ ਸ਼ਕਤੀ ਠੀਕ ਰੱਖਣ ਲਈ ਹਰ ਮਨੁੱਖ ਆਪਣੇ ਕੰਨਾਂ ਨੂੰ ਟੀ ਵੀ, ਰੇਡੀਓ, ਪਟਾਕੇ, ਦੀ ਉੱਚੀ ਅਵਾਜ ਤੋਂ ਬਚਾਉਣਾ ਚਾਹੀਦਾ ਹੈ। ਸਿਵਲ ਹਸਪਤਾਲ ਫ਼ਰੀਦਕੋਟ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਚੰਦਰ ਸ਼ੇਖਰ ਨੇ ਕਿਹਾ ਕਿ ਕੰਨਾਂ ਵਿਚ ਗੰਦਾ ਪਾਣੀ ਜਾਣ ਤੋਂ ਰੋਕਣ ਦੇ ਨਾਲ ਨਾਲ ਕੰਨਾਂ ਵਿਚ ਤਿਖੀਆਂ ਚੀਜਾਂ, ਮਾਚਸ ਦੀ ਤੀਲੀ, ਕੰਨ ਸਾਫ਼ ਕਰਨ ਵਾਲੇ ਬਡਸ ਨਹੀਂ ਮਾਰਨੇ ਚਾਹੀਦੇ। ਸੜਕ ਕਿਨਾਰੇ ਬੈਠੇ ਵਿਅਕਤੀਆਂ ਤੋਂ ਕੰਨ ਸਾਫ਼ ਕਰਵਾਉਣ ਤੋਂ ਪਰਹੇਜ ਕਰੋ। ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਮੀਨਾ ਕੁਮਾਰੀ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਸਕੂਲ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਰ ਸਕੂਲ ਵਿਚ ਪੜ ਰਿਹਾ ਕੋਈ ਬੱਚਾ ਥੋੜੀ ਦੂਰ ਤੋਂ ਅਧਿਆਪਕ ਦੀ ਅਵਾਜ ਵੱਲ ਧਿਆਨ ਨਹੀਂ ਦੇ ਰਿਹਾ ਤਾਂ ਤੂਰੰਤ ” ਰਾਸ਼ਟਰੀ ਬਾਲ ਸੁਰੱਖਿਆ ਕਾਰਿਯਕਰਮ ” ਹੇਠ ਸਕੂਲ ਵਿੱਚ ਵਿਦਿਆਥੀਆਂ ਦੀ ਸਿਹਤ ਜਾਂਚ ਕਰਨ ਆਉਂਦੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਘੱਟ ਸੁਣਨ ਸ਼ਕਤੀ ਵਾਲੇ ਬੱਚੇ ਨੂੰ ਦੂਜੇ ਬੱਚਿਆਂ ਨਾਲ ਰਲਾਉਣ ਲਈ ਉਤਸਾਹਤ ਕੀਤਾ ਜਾਵੇ, ਇਹ ਮਨੋਵਿਗਿਆਨਕ ਅਤੇ ਸੰਚਾਰ ਦੇ ਹੁਨਰ ਨੂੰ ਵਿਕਸਤ ਕਰਨ ਵਿੱਚ ਸਹਾਇਤਾ ਕਰੇਗਾ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ ਚੰਦਰ ਸ਼ੇਖਰ, ਅੱਖਾਂ ਦੇ ਰੋਗਾਂ ਦੇ ਮਾਹਿਰ ਡਾ ਪਰਮਿੰਦਰ ਕੌਰ, ਡਾ ਹੁਸਨ ਪਾਲ ਐਮ ਡੀ ਮੈਡੀਸਿਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।
