
(ਬਿਊਰੋ ਚੈਕ ਪੋਸਟ) ਚੰਡੀਗੜ। ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਫਿਲੌਰ ਵਿਧਾਨ ਸਭਾ ਹਲਕੇ ਤੋਂ ਨਵੇਂ ਚੁਣੇ ਗਏ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਅਹੁਦੇ ਦੀ ਸਹੁੰ ਚੁੱਕੀ। ਪ੍ਰੋਟੈਮ ਸਪੀਕਰ ਇੰਦਰਬੀਰ ਸਿੰਘ ਨਿੱਝਰ ਨੇ ਨਵੇਂ ਚੁਣੇ ਗਏ ਵਿਧਾਇਕ ਵਿਕਰਮਜੀਤ ਨੂੰ ਸਹੁੰ ਚੁਕਾਈ, ਜੋ ਕਿ ਆਪਣੇ ਪਿਤਾ ਅਤੇ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਸਮੇਤ ਪਰਿਵਾਰਕ ਮੈਂਬਰਾਂ ਨਾਲ ਵਿਧਾਨ ਸਭਾ ਵਿੱਚ ਪੁੱਜੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਕਰਮਜੀਤ ਚੌਧਰੀ ਨੇ ਕਿਹਾ ਕਿ ਇੱਕ ਵਿਧਾਇਕ ਵਜੋਂ ਸਹੁੰ ਚੁੱਕਣਾ ਉਨਾਂ ਲਈ ਮਾਣ ਵਾਲੀ ਗੱਲ ਹੈ। ਉਹਨਾਂ ਆਖਿਆ ਕਿ ਫਿਲੌਰ ਦੇ ਵੋਟਰਾਂ ਨੇ ਮੈਨੂੰ ਮੇਰੇ ਦਾਦਾ ਜੀ ਮਾਸਟਰ ਗੁਰਬੰਤਾ ਸਿੰਘ ਜੀ ਦੀ ਸੁਨਹਿਰੀ ਵਿਰਾਸਤ ਨੂੰ ਅੱਗੇ ਜਾਰੀ ਰੱਖਣ ਦਾ ਮੌਕਾ ਦਿੱਤਾ ਹੈ, ਜਿਨਾਂ ਨੇ 1945 ਤੋਂ 1977 ਤੱਕ ਕਈ ਵਾਰ ਇਸ ਮਾਣਮੱਤੀ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾਈ। ਬਾਅਦ ਵਿਚ ਮੇਰੇ ਪਿਤਾ ਸੰਤੋਖ ਸਿੰਘ ਚੌਧਰੀ, ਤਾਇਆ ਜਗਜੀਤ ਸਿੰਘ ਚੌਧਰੀ ਅਤੇ ਭਰਾ ਚੌਧਰੀ ਸੁਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਪੰਜਾਬ ਦੇ ਲੋਕਾਂ ਦੀ ਅਵਾਜ ਬੁਲੰਦ ਕੀਤੀ। ਹੁਣ ਵਾਹਿਗੁਰੂ ਨੇ ਮੈਨੂੰ ਵਿਧਾਨ ਸਭਾ ਵਿੱਚ ਫਿਲੌਰ ਦੇ ਲੋਕਾਂ ਦੀ ਆਵਾਜ ਬਣਨ ਅਤੇ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਜਾਰੀ ਰੱਖਣ ਦਾ ਮੌਕਾ ਦਿੱਤਾ ਹੈ ਅਤੇ ਇਸ ਜਿੰਮੇਵਾਰੀ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ।