
Surinder Sethi, Ludhiana | ਅੱਜ ਦੇ ਦਿਨ ਪਿਛਲੇ ਸਾਲ ਇਕ ਅਜਿਹੀ ਕੁਲਖਣੀ ਦੁਖਦਾਇਕ ਖ਼ਬਰ ਸੋਸ਼ਲ ਮੀਡੀਏ ਤੇ ਵਾਇਰਲ ਹੋਈ ਕਿ ਸਾਰੇ ਪੰਜਾਬੀ ਸੰਗੀਤ ਜਗਤ ਨੂੰ ਉਦਾਸ ਕਰ ਗਈ । ਪੰਜਾਬੀ ਸੰਗੀਤ ਦੇ ਦੀਵਾਨੇ ਸਤਿਕਾਰਯੋਗ ਸ੍ਰੀ ਮਨੋਹਰ ਧਾਰੀਵਾਲ ਜੀ ਨੇ ਭਰੇ ਮਨ ਅਤੇ ਦੁਖੀ ਹਿਰਦੇ ਨਾਲ ਫੇਸ ਬੁੱਕ ਤੇ ਪੋਸਟ ਸਾਂਝੀ ਕੀਤੀ ਕਿ ਵਿਸ਼ਵ ਪ੍ਰਸਿੱਧ ਸੀਨੀਅਰ ਅਤੇ ਸਿਰਮੌਰ ਪੰਜਾਬੀ ਵਿਰਾਸਤ ਦੀ ਸਦਾਬਹਾਰ ਸੁਪਰਹਿੱਟ ਲੋਕ ਗਾਇਕਾ ਸਤਿਕਾਰਯੋਗ ਸ੍ਰੀਮਤੀ ਗੁਰਮੀਤ ਬਾਵਾ ਜੀ ਨਹੀਂ ਰਹੇ । ਪੜ੍ਹ ਕੇ ਖ਼ਬਰ ਦੀ ਪੁਸ਼ਟੀ ਲਈ ਮੈਂ ਸ੍ਰੀ ਧਾਲੀਵਾਲ ਜੀ ਨੂੰ ਫੋਨ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸੱਚ ਹੈ । ਇਸ ਮਹਾਨ ਗੌਰਵਮਈ ਸ਼ਖ਼ਸੀਅਤ ਦੀਆਂ ਪੰਜਾਬੀ ਸੰਗੀਤ ਜਗਤ ਵਿਚ ਪਾਈਆਂ ਅਮਿੱਟ ਪੈੜਾਂ ਦਾ ਮਾਣਮੱਤਾ ਸਫ਼ਰ ਅਖਾਂ ਅਗੇ ਫਿਲਮ ਵਾਂਗ ਘੁੰਮਣ ਲੱਗ ਪਿਆ । ਅੱਜ ਵੀ ਵਿਆਹ ਦੀਆਂ ਘੋੜੀਆਂ, ਲੰਮੀ ਹੇਕ ਅਤੇ ਜੁਗਨੀ ਦੀ ਮਿਸਾਲ ਤੋਂ ਅੱਗੇ ਟੱਪਣ ਲਈ ਕੋਈ ਸਾਨੀ ਨਹੀਂ ਹੈ । ਪੰਜਾਬੀ ਸੰਗੀਤ ਦੇ ਬ੍ਰਹਿਮੰਡ ਵਿੱਚ ਆਪਣੀ ਗੌਰਵਮਈ ਵਿਲਖਣ ਅਲੌਕਿਕ ਸ਼ਾਨਦਾਰ ਅਮਿੱਟ ਕਲਾਂ ਦੀ ਛਾਪ ਛੱਡਣ ਵਾਲੀ ਲੋਕ ਗਾਇਕਾ ਨੇ ਦੇਸ਼ ਵਿਦੇਸ਼ ਵਿੱਚ ਆਪਣੀ ਦਮਦਾਰ ਆਵਾਜ਼ ਅਤੇ ਗਾਇਕੀ ਦਾ ਲੋਹਾ ਮਨਵਾਇਆ ਹੈ । ਪੰਜਾਬ ਸਰਕਾਰ ਵੱਲੋਂ ਵੀ ਆਪਣੇ ਮਾਂ ਬੋਲੀ ਦੀ ਮਹੱਤਤਾ ਨੂੰ ਦਰਸਾਉਣ ਵਾਲੀ ਸੰਗੀਤ ਦੀ ਮਲਿਕਾ ਨੂੰ ਭਾਸ਼ਾ ਵਿਭਾਗ ਪੰਜਾਬ ਰਾਹੀਂ ” ਸ਼੍ਰੋਮਣੀ ਪੁਰਸਕਾਰ ” ਕਲਾਂ ਪ੍ਰੀਸ਼ਦ ਪੰਜਾਬ ਵਲੋਂ ” ਗੌਰਵ ਪੰਜਾਬ ਪੁਰਸਕਾਰ ” ਅਤੇ ਭਾਰਤ ਸਰਕਾਰ ਨੇ ਸੰਗੀਤ ਨਾਟਕ ਅਕੈਡਮੀ ਵਲੋਂ ” ਰਾਸ਼ਟਰੀ ਪੁਰਸਕਾਰ ” ਦੇ ਨਾਲ ਸਤਿਕਾਰ ਸਹਿਤ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ । ਇਸ ਤੋਂ ਇਲਾਵਾ ਆਲ ਇੰਡੀਆ ਰੇਡੀਓ ਤੋਂ ਪ੍ਰਮਾਣਿਤ ਅਤੇ ਦੂਰਦਰਸ਼ਨ ਦੀ ਸ਼੍ਰੋਮਣੀ ਕਤਾਰ ਦੀ ਲੋਕ ਗਾਇਕਾ ਸੀ । ਪੰਜਾਬੀ ਸਿਨੇਮਾ ਯੁੱਗ ਵਿੱਚ ਸਟੇਜੀ ਗਾਇਕਾਵਾਂ ਦੀ ਸ਼੍ਰੋਮਣੀ ਕਤਾਰ ਦੀ ਗਾਇਕਾ ਹੋਣ ਦਾ ਮਾਣ ਪ੍ਰਾਪਤ ਸੀ । ਮੈਨੂੰ ਇਸ ਮਹਾਨ ਫੰਕਾਰਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ । ਇਹ ਇਕ ਬਹੁਤ ਹੀ ਵਧੀਆ ਮਿਲਣਸਾਰ ਸ਼ਖ਼ਸੀਅਤ ਸਨ । ਜਿਨ੍ਹਾਂ ਨੂੰ ਕੋਈ ਇਕ ਵਾਰ ਮਿਲ ਲੈਂਦੇ ਸਨ । ਕਦੇ ਭੁਲਦੇ ਨਹੀਂ ਸਨ । ਇਨ੍ਹਾਂ ਦੇ ਪਤੀ ਸਤਿਕਾਰਯੋਗ ਸ੍ਰੀ ਕ੍ਰਿਪਾਲ ਬਾਵਾ ਜੀ ਵੀ ਬਹੁਤ ਮਿਲਣਸਾਰ ਬੁਧੀਜੀਵੀ ਵਿਦਵਾਨ ਸਤਿਕਾਰਯੋਗ ਸ਼ਖ਼ਸੀਅਤ ਹਨ ।
ਇਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਦੇ ਨਾਲ ਨਾਲ ਪੰਜਾਬੀ ਵਿਰਾਸਤੀ ਗਾਇਕੀ ਵਿੱਚ ਬਹੁਤ ਵਡੇਰਾ ਵਡਮੁੱਲਾ ਯੋਗਦਾਨ ਪਾਇਆ ਹੈ । ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਪੰਜਾਬੀ ਸੰਗੀਤ ਜਗਤ ਦੀ ਮਹਾਨ ਹਰਮਨ ਪਿਆਰੀ , ਹਰਦਿਲ ਅਜ਼ੀਜ਼ ਅਤੇ ਮਯਾਨਾਜ ਹਸਤੀ ਨੂੰ ਮੈਂ ਪ੍ਰਣਾਮ ਕਰਦਾ ਹੋਇਆ । ਨਮ ਅਤੇ ਸੇਜ਼ਲ ਅੱਖਾਂ ਨਾਲ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦਾ ਹਾਂ । ਰੱਬ ਰਾਖਾ ।