
ਲੁਧਿਆਣਾ (ਸਰਬਜੀਤ ਸਿੰਘ ਸੋਨੀ) ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਰੇਲਵੇ ਸੀ.ਆਈ.ਏ. ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਨੇ ਰੇਲਵੇ ਸਟੇਸ਼ਨ ‘ਤੇ ਚੈਕਿੰਗ ਦੌਰਾਨ ਇੱਕ ਅੰਤਰਰਾਜੀ ਨਸ਼ਾ ਤਸਕਰ ਨੂੰ ਡੇਢ ਕਿੱਲੋ ਅਫ਼ੀਮ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਬਲਰਾਮ ਰਾਣਾ ਦੀ ਅਗਵਾਈ ਹੇਠ ਡੀ.ਐਸ.ਪੀ. ਤੇਜਪਾਲ ਸਿੰਘ ਨੇ ਦੱਸਿਆ ਕਿ ਰੇਲਵੇ ਸੀ.ਆਈ.ਏ. ਦੇ ਇੰਚਾਰਜ ਪਲਵਿੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀ ਪੁਲਿਸ ਪਾਰਟੀ ਸਮੇਤ ਰੇਲਵੇ ਸਟੇਸ਼ਨ ‘ਤੇ ਸ਼ੱਕੀ ਵਿਅਕਤੀਆਂ ਅਤੇ ਸਾਮਾਨ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਪੁਲਿਸ ਪਾਰਟੀ ਨੇ ਹੱਥ ਵਿੱਚ ਬੈਗ ਫੜੀ ਆ ਰਹੇ ਇੱਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਨੂੰ ਸਾਹਮਣੇ ਦੇਖ ਕੇ ਉਕਤ ਵਿਅਕਤੀ ਘਬਰਾ ਗਿਆ ਅਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਮੁਸਤੈਦ ਪੁਲਿਸ ਪਾਰਟੀ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਉਕਤ ਵਿਅਕਤੀ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ। ਜਦੋਂ ਉਸ ਦੇ ਹੱਥ ਵਿੱਚ ਫੜੇ ਬੈਗ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ, ਤਾਂ ਉਸ ਵਿੱਚੋਂ ਡੇਢ ਕਿੱਲੋ ਅਫ਼ੀਮ ਦੀ ਵੱਡੀ ਖੇਪ ਬਰਾਮਦ ਹੋਈ। ਫੜੇ ਗਏ ਮੁਲਜ਼ਮ ਦੀ ਪਛਾਣ ਦਿਲਸ਼ਰਨ ਸਿੰਘ ਨਿਵਾਸੀ ਜ਼ਿਲ੍ਹਾ ਪੂਰਬੀ ਸਿੰਘਭੂਮ, ਝਾਰਖੰਡ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਇਹ ਨਸ਼ਾ ਕਿੱਥੋਂ ਲੈ ਕੇ ਆਇਆ ਸੀ ਅਤੇ ਲੁਧਿਆਣਾ ਵਿੱਚ ਕਿਸ ਨੂੰ ਸਪਲਾਈ ਕੀਤਾ ਜਾਣਾ ਸੀ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।