ਮਰਨ ਮਗਰੋਂ ਵੀ ਮਨੁੱਖਤਾ ਦੇ ਕੰਮ ਆਵੇ ਦੇਹ, ਦੇਹਦਾਨ ਮਹਾਨ ਸੇਵਾ : ਸਹਾਇਕ ਸਿਵਲ ਸਰਜਨ ਡਾ. ਬਲਜੀਤ ਕਮਲ ਦੇਹਦਾਨੀ ਰਮਨਜੀਤ ਕੌਰ ਨੂੰ ਸੌਂਪਿਆ ਦੇਹਦਾਨ ਕਾਰਡ

Share and Enjoy !

Shares

ਦੋਆਬਾ ਸੇਵਾ ਸਮਿਤੀ ਹੁਣ ਤੱਕ 151 ਵਿਅਕਤੀਆਂ ਨੂੰ ਮਰਨ ਉਪਰੰਤ ਦੇਹਦਾਨ ਲਈ ਕਰ ਚੁੱਕੀ ਹੈ ਪ੍ਰੇਰਿਤ
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ ) ਮੌਤ ਤੋਂ ਬਾਅਦ ਵੀ ਮਨੁੱਖਤਾ ਦੀ ਸੇਵਾ ਕਰਨ ਦਾ ਸੰਕਲਪ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ। ਦੇਹਦਾਨ ਰਾਹੀਂ ਮੈਡੀਕਲ ਸਿੱਖਿਆ ਅਤੇ ਖੋਜ ਵਿੱਚ ਅਹਿਮ ਯੋਗਦਾਨ ਪਾਇਆ ਜਾ ਸਕਦਾ ਹੈ। ਇਹ ਪ੍ਰਗਟਾਵਾ ਸਹਾਇਕ ਸਿਵਲ ਸਰਜਨ ਡਾ. ਬਲਜੀਤ ਕਮਲ ਨੇ ਪਿੰਡ ਭਾਨਮਜਾਰਾ, ਡਾਕਖਾਨਾ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵਸਨੀਕ ਸ੍ਰੀਮਤੀ ਰਮਨਜੀਤ ਕੌਰ ਨੂੰ ਮਰਨ ਉਪਰੰਤ ਦੇਹਦਾਨ ਕਰਨ ਦਾ ਸੰਕਲਪ ਲੈਣ ਸਬੰਧੀ ਦੇਹਦਾਨ ਕਾਰਡ ਸੌਪਣ ਮੌਕੇ ਕੀਤਾ।
ਡਾ. ਬਲਜੀਤ ਕਮਲ ਨੇ ਕਿਹਾ ਕਿ ਦੇਹਦਾਨ ਮਨੁੱਖਤਾ ਦੀ ਭਲਾਈ ਲਈ ਇੱਕ ਮਹਾਨ ਕਾਰਜ ਹੈ। ਮ੍ਰਿਤਕ ਦੇਹਾਂ ਮੈਡੀਕਲ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਦੀ ਬਣਤਰ ਅਤੇ ਵੱਖ-ਵੱਖ ਅੰਗਾਂ ਦੀ ਕਾਰਜਪ੍ਰਣਾਲੀ ਨੂੰ ਵਿਹਾਰਕ ਤੌਰ ’ਤੇ ਸਮਝਣ ਵਿੱਚ ਮਦਦ ਕਰਦੀਆਂ ਹਨ। ਇਸ ਨਾਲ ਡਾਕਟਰੀ ਸਿੱਖਿਆ ਅਤੇ ਖੋਜ ਨੂੰ ਉਤਸ਼ਾਹ ਮਿਲਦਾ ਹੈ ਅਤੇ ਭਵਿੱਖ ਵਿੱਚ ਮਰੀਜ਼ਾਂ ਦੀ ਬਿਹਤਰ ਦੇਖਭਾਲ ਕਰਨ ਵਾਲੇ ਡਾਕਟਰ ਤਿਆਰ ਕਰਨ ਵਿੱਚ ਸਹਾਇਤਾ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਦੇਹਦਾਨ ਕਰਨ ਦਾ ਫ਼ੈਸਲਾ ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਮਨੁੱਖਤਾ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਹਦਾਨ ਵਰਗੇ ਨੇਕ ਕਾਰਜਾਂ ਬਾਰੇ ਜਾਗਰੂਕ ਹੋਣ, ਆਪਣੇ ਪਰਿਵਾਰਕ ਮੈਂਬਰਾਂ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਇੱਛੁਕ ਹੋਣ ਦੀ ਸੂਰਤ ਵਿੱਚ ਨਿਰਧਾਰਤ ਪ੍ਰਕਿਰਿਆ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣ।
ਦੇਹਦਾਨੀ ਸ੍ਰੀਮਤੀ ਰਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਤੀ ਸ੍ਰੀ ਰਵਿੰਦਰ ਸਿੰਘ ਅਤੇ ਪੁੱਤਰ ਸ੍ਰੀ ਸੁਖਪ੍ਰੀਤ ਸਿੰਘ ਦੇ ਸਹਿਯੋਗ ਨਾਲ ਮਰਨ ਉਪਰੰਤ ਆਪਣੀ ਦੇਹਦਾਨ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਮਨੁੱਖੀ ਦੇਹ ਮਿੱਟੀ ਵਿੱਚ ਮਿਲ ਜਾਂਦੀ ਹੈ, ਪਰ ਜੇਕਰ ਇਹ ਦੇਹ ਮੈਡੀਕਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਖੋਜ ਵਿੱਚ ਸਹਾਇਕ ਬਣੇ ਅਤੇ ਭਵਿੱਖ ਵਿੱਚ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਯੋਗਦਾਨ ਪਾਵੇ, ਤਾਂ ਇਹ ਮਨੁੱਖਤਾ ਦੀ ਵੱਡੀ ਸੇਵਾ ਹੋਵੇਗੀ।
ਇਸ ਮੌਕੇ ਦੋਆਬਾ ਸੇਵਾ ਸਮਿਤੀ, ਨਵਾਂਸ਼ਹਿਰ ਦੇ ਜਨਰਲ ਸਕੱਤਰ ਸ੍ਰੀ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਸਮਿਤੀ ਵੱਲੋਂ ਹੁਣ ਤੱਕ 151 ਵਿਅਕਤੀਆਂ ਨੂੰ ਮਰਨ ਉਪਰੰਤ ਦੇਹਦਾਨ ਲਈ ਪ੍ਰੇਰਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਮਿਤੀ ਵੱਲੋਂ ਦੇਹਦਾਨ ਕਰਨ ਦੇ ਇੱਛੁਕ ਵਿਅਕਤੀਆਂ ਦੇ ਫਾਰਮ ਭਰਵਾਉਣ ਅਤੇ ਸਬੰਧਤ ਮੈਡੀਕਲ ਸੰਸਥਾਵਾਂ ਤੱਕ ਪਹੁੰਚਾਉਣ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ, ਤਾਂ ਜੋ ਉਨ੍ਹਾਂ ਦੀ ਇੱਛਾ ਅਨੁਸਾਰ ਲੋੜੀਂਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਹਦਾਨ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਅਤੇ ਇਸ ਮਨੁੱਖਤਾ-ਭਲਾਈ ਦੇ ਕਾਰਜ ਨਾਲ ਜੁੜਨ, ਤਾਂ ਜੋ ਮਰਨ ਤੋਂ ਬਾਅਦ ਵੀ ਸਮਾਜ ਦੀ ਸੇਵਾ ਕੀਤੀ ਜਾ ਸਕੇ।
ਇਸ ਮੌਕੇ ਸੇਵਾਮੁਕਤ ਬੈਂਕ ਮੈਨੇਜਰ ਅਸ਼ੋਕ ਸ਼ਰਮਾ, ਸੇਵਾਮੁਕਤ ਸੁਪਰਡੈਂਟ ਅਸ਼ੋਕ ਸ਼ਰਮਾ ਤੇ ਗੁਰਦੀਪ ਸਿੰਘ ਹਫਜਾਬਾਦੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.