ਫਗਵਾੜਾ (ਸ਼ਿਵ ਕੋੜਾ) : ਭਗਤ ਜਵਾਲਾ ਦਾਸ ਸਕੂਲ ਵੈਲਫੇਅਰ ਕਮੇਟੀ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ਵਿਖੇ ਨਵੀਂ ਉਸਾਰੀ ਜਾ ਰਹੀ ਇਮਾਰਤ ਵਿੱਚ ਅਹਿਮ ਯੋਗਦਾਨ ਪਾਉਂਦੇ ਹੋਏ ਪ੍ਰਵਾਸੀ ਭਾਰਤੀ ਸਤਨਾਮ ਸਿੰਘ ਅਕਾਲਗੜ੍ਹ ਅਤੇ ਉਹਨਾਂ ਦੇ ਭਰਾਵਾਂ ਤਰਸੇਮ ਸਿੰਘ, ਰੇਸ਼ਮ ਸਿੰਘ ਲਾਡੀ ਅਤੇ ਦਵਿੰਦਰ ਸਿੰਘ ਨੇ ਆਪਣੇ ਪਿਤਾ ਸਵ. ਗੁਰਬੰਸ ਸਿੰਘ ਅਤੇ ਮਾਤਾ ਨਿਰੰਜਨ ਕੌਰ ਦੀ ਨਿੱਘੀ ਯਾਦ ਵਿਚ ਆਪਣੀ ਨੇਕ ਕਮਾਈ ਵਿਚੋਂ 51 ਹਜਾਰ ਰੁਪਏ ਦੀ ਆਰਥਕ ਸਹਾਇਤਾ ਰਾਸ਼ੀ ਸਕੂਲ ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੂੰ ਭੇਂਟ ਕੀਤੀ। ਉਹਨਾਂ ਤੋਂ ਇਲਾਵਾ ਤਰਲੋਚਨ ਸਿੰਘ ਖੁਰਮਪੁਰ (ਯੂ.ਐਸ.ਏ.) ਨੇ ਵੀ 21 ਹਜਾਰ ਰੁਪਏ ਦੀ ਨਗਦ ਰਾਸ਼ੀ ਸਕੂਲ ਦੇ ਬਿਹਤਰੀ ਲਈ ਭੇਂਟ ਕੀਤੀ। ਪ੍ਰਵਾਸੀ ਭਾਰਤੀ ਸਤਨਾਮ ਸਿੰਘ ਯੂ.ਐਸ.ਏ. ਨੇ ਦੱਸਿਆ ਕਿ ਉਹਨਾਂ ਨੇ ਲੱਖਪੁਰ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਜਿਸ ਕਰਕੇ ਇਸ ਸਕੂਲ ਨਾਲ ਉਹਨਾਂ ਦਾ ਦਿਲੀ ਲਗਾਵ ਹੈ। ਉਹ ਚਾਹੁੰਦੇ ਹਨ ਕਿ ਇਸ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵਧੀਆ ਸਹੂਲਤਾਂ ਪ੍ਰਾਪਤ ਹੋਣ। ਇਸ ਮੌਕੇ ਉਹਨਾਂ ਸਕੂਲੀ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਦਿਲ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਆ। ਸਕੂਲ ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਪ੍ਰਵਾਸੀ ਭਾਰਤੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਕੂਲ ਦੇ ਆਧੂਨਿਕੀਕਰਣ ਦਾ ਕੰਮ ਆਖਰੀ ਦੌਰ ਵਿੱਚ ਹੈ। ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਸਦਕਾ ਹੀ ਸਕੂਲ ਨੂੰ ਮਾਡਰਨ ਬਨਾਉਣ ਦਾ ਉਹਨਾਂ ਦਾ ਸੁਪਨਾ ਸਾਕਾਰ ਹੋਇਆ ਹੈ। ਉਹਨਾਂ ਸਮੂਹ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸੀ.ਸੈ. ਸਕੂਲ ਲੱਖਪੁਰ ਵਿਚ ਦਾਖਲਾ ਦੁਆਉਣ ਤਾਂ ਜੋਂ ਵਧੀਆ ਸਹੂਲਤਾਂ ਦੇ ਨਾਲ ਹੀ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾ ਦਾ ਲਾਭ ਮਿਲ ਸਕੇ। ਇਸ ਮੌਕੇ ਕਮੇਟੀ ਸਕੱਤਰ ਸਰਬਜੀਤ ਸਿੰਘ ਲੱਖਪੁਰ ਅਤੇ ਬਲਦੇਵ ਸਿੰਘ ਤੋਂ ਇਲਾਵਾ ਭਗਤ ਗੁਰਦਿਆਲ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਠੇਕੇਦਾਰ ਜਸਵਿੰਦਰ ਸਿੰਘ ਮਾਣਾ, ਗੁਰਨਾਮ ਪਾਲ, ਸਨੀ ਸੈਣੀ ਤੇ ਸਮੂਹ ਸਕੂਲ ਸਟਾਫ ਹਾਜਰ ਸੀ।