
(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ: ਨਗਰ ਕੌਂਸਲ ਮਾਛੀਵਾੜਾ ਪ੍ਰਧਾਨ ਮੋਹਿਤ ਕੁੰਦਰਾ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਅਤੇ ਪ੍ਰਵਾਸੀਆਂ ਦੇ ਕਬਜ਼ੇ ਤੋਂ ਅਜ਼ਾਦ ਕਰਨ ਲਈ ਵਿੱਢੀ ਗਈ ਮੁਹਿੰਮ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਬੀਤੇ ਕੱਲ੍ਹ ਜਿੱਥੇ ਪੁਰਾਣੀ ਸਬਜ਼ੀ ਮੰਡੀ ਕੋਲ ਪ੍ਰਵਾਸੀਆਂ ਵੱਲੋਂ ਅਨੇਕਾਂ ਨਜਾਇਜ਼ ਤੌਰ ਤੇ ਉਸਾਰੀਆਂ ਹੋਈਆਂ ਝੁੱਗੀਆਂ ਤੇ ਖੁਦ ਪ੍ਰਧਾਨ ਮੋਹਿਤ ਕੁੰਦਰਾ ਨੇ ਜਾ ਕੇ ਦੇਖਿਆ ਤਾਂ ਉੱਥੇ ਬਿਜਲੀ ਦੀ ਚੋਰੀ ਅਤੇ ਬਿਮਾਰੀਆਂ ਨੂੰ ਸੱਦਾ ਦੇਣ ਵਾਲੇ ਹਾਲਾਤਾਂ ਨੂੰ ਦੇਖ ਉਹ ਦੰਗ ਰਹਿ ਗਏ। ਅੱਜ ਵੀ ਮਾਛੀਵਾੜਾ ਸਾਹਿਬ ਦੇ ਮੇਨ ਚੌਂਕ ਖੰਡਾ ਚੌਕ ਨਜ਼ਦੀਕ ਪ੍ਰਵਾਸੀਆਂ ਵੱਲੋਂ ਕੀਤੇ ਗਏ ਕਬਜ਼ਿਆਂ ਨੂੰ ਛੁਡਾਉਣ ਲਈ ਪ੍ਰਧਾਨ ਮੋਹਿਤ ਕੁੰਦਰਾ ਆਪਣੀ ਨਗਰ ਕੌਂਸਲ ਦੀ ਸਮੁੱਚੀ ਟੀਮ ਸਮੇਤ ਪੁੱਜੇ ਅਤੇ ਡੀ.ਐਸ.ਪੀ. ਸਮਰਾਲਾ ਪ੍ਰਿਤਪਾਲ ਸਿੰਘ ਸੰਧੂ ,ਐਸ.ਐਚ. ਓ. ਮਾਛੀਵਾੜਾ ਕਰਮਜੀਤ ਸਿੰਘ, ਟਰੈਫਿਕ ਇੰਚਾਰਜ ਜਸਵੀਰ ਸਿੰਘ ਆਪਣੀ ਟੀਮ ਸਮੇਤ ਪੁੱਜੇ ਜਿਨਾਂ ਪ੍ਰਵਾਸੀਆਂ ਤੋਂ ਇਸ ਚੌਂਕ ਨੂੰ ਕਬਜ਼ਾ ਮੁਕਤ ਕਰਵਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ. ਪ੍ਰਿਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਨਗਰ ਕੌਂਸਲ ਮਾਛੀਵਾੜਾ ਸਾਹਿਬ ਵੱਲੋਂ ਉਹਨਾਂ ਨੂੰ ਲਿਖਤੀ ਤੌਰ ਤੇ ਸ਼ਿਕਾਇਤ ਮਿਲੀ ਕਿ ਮਾਛੀਵਾੜਾ ਸਾਹਿਬ ਵਿੱਚ ਅਨੇਕਾਂ ਥਾਵਾਂ ਤੇ ਨਜਾਇਜ਼ ਕਬਜ਼ੇ ਕੀਤੇ ਗਏ ਹਨ। ਜਿਨਾਂ ਨੂੰ ਕਬਜ਼ਾ ਮੁਕਤ ਕਰਵਾਇਆ ਜਾਵੇ ਤਾਂ ਉਹਨਾਂ ਅੱਜ ਇਸ ਦੀ ਸ਼ੁਰੂਆਤ ਖਾਲਸਾ ਚੌਂਕ ਨਜ਼ਦੀਕ ਪ੍ਰਵਾਸੀਆਂ ਵੱਲੋਂ ਕੀਤੇ ਗਏ ਕਬਜ਼ੇ ਹਟਾ ਕੇ ਕੀਤੀ ਹੈ। ਉਹਨਾਂ ਕਿਹਾ ਕਿ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਇਸ ਤੋਂ ਬਾਅਦ ਮਾਛੀਵਾੜਾ ਸਾਹਿਬ ਦਾ ਮੇਨ ਬਾਜ਼ਾਰ ਅਤੇ ਖਾਸ ਤੌਰ ਤੇ ਚਰਨ ਕੰਮਲ ਚੌਂਕ ਤੋਂ ਗੁਰਦੁਆਰਾ ਸ਼੍ਰੀ ਚਰਨ ਕਵਲ ਸਾਹਿਬ ਤੱਕ ਬਹੁਤ ਜਲਦ ਪ੍ਰਵਾਸੀਆਂ ਵੱਲੋਂ ਜਾਂ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ੇ ਹਟਾ ਕੇ ਇਹਨਾਂ ਰਸਤਿਆਂ ਨੂੰ ਬਿਲਕੁਲ ਖੁੱਲ੍ਹਾ ਕੀਤਾ ਜਾਵੇਗਾ। ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਸਮੁੱਚੇ ਸ਼ਹਿਰ ਵਾਸੀਆਂ ਅਤੇ ਖਾਸ ਤੌਰ ਤੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨਾਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਰੇੜੀਆਂ ਖੜਾ ਕੇ ਕਰਾਏ ਵਸੂਲੇ ਜਾ ਰਹੇ ਹਨ ਤੇ ਇਹਨਾਂ ਰੇੜੀਆਂ ਦੇ ਖੜਨ ਨਾਲ ਬਾਜ਼ਾਰ ਵਿੱਚ ਟਰੈਫਿਕ ਸਮੱਸਿਆ ਪੈਦਾ ਹੋ ਰਹੀ ਹੈ ਉਹ ਇਕ ਦੋ ਦਿਨ ਦੇ ਅੰਦਰ ਅੰਦਰ ਹੀ ਆਪਣੀਆਂ ਦੁਕਾਨਾਂ ਅੱਗੇ ਇਹ ਰੇੜੀਆਂ ਬੰਦ ਕਰ ਦੇਣ ਅਤੇ ਜੋ ਪ੍ਰਵਾਸੀਆਂ ਦੇ ਕਬਜ਼ੇ ਕਰਵਾ ਰਹੇ ਹਨ ਉਸ ਨੂੰ ਹਟਾਉਣ ਵਿੱਚ ਨਗਰ ਕੌਂਸਲ ਦਾ ਸਾਥ ਦੇਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਨਗਰ ਕੌਂਸਲ ਪੂਰੀ ਤਰ੍ਹਾਂ ਸਖਤੀ ਵਰਤੇਗੀ।
ਸ਼ਹਿਰ ਨੂੰ ਪ੍ਰਵਾਸੀਆਂ ਤੋਂ ਮੁਕਤ ਕਰਾਉਣ ਲਈ ਦੁਕਾਨਦਾਰ ਅਤੇ ਸ਼ਹਿਰਵਾਸੀ ਦੇਣ ਸਹਿਯੋਗ : ਪ੍ਰਧਾਨ ਕੁੰਦਰਾ
ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਸ਼ਹਿਰ ਵਾਸੀ ਖਾਸ ਤੌਰ ਤੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਗਰ ਕੌਂਸਲ ਦਾ ਸਹਿਯੋਗ ਦੇਣ ਤਾਂ ਜੋ ਸ਼ਹਿਰ ਨੂੰ ਪ੍ਰਵਾਸੀਆਂ ਦੇ ਕਬਜ਼ੇ ਤੋਂ ਮੁਕਤ ਕਰਾਇਆ ਜਾ ਸਕੇ ਉਹਨਾਂ ਕਿਹਾ ਕਿ ਇਹਨਾਂ ਪ੍ਰਵਾਸੀਆਂ ਦੇ ਕੋਲ ਨਾ ਤਾਂ ਕੋਈ ਆਧਾਰ ਕਾਰਡ ਹੈ ਜੇ ਕਿ ਕਿਸੇ ਕੋਲ ਹੈ ਤਾਂ ਆਧਾਰ ਕਾਰਡ ਦਿਖਾ ਹੀ ਨਹੀਂ ਰਹੇ ਤੇ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਹੜੇ ਬਿਨਾਂ ਸਬੂਤਾਂ ਤੋਂ ਸ਼ਹਿਰ ਵਿੱਚ ਰਹਿ ਰਹੇ ਹਨ ਗਾਹੇ ਵਗਾਹੇ ਕ੍ਰਿਮੀਨਲ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਹੋਣਗੇ । ਉਹਨਾਂ ਕਿਹਾ ਕਿ ਜਿਨਾਂ ਦੁਕਾਨਦਾਰਾਂ ਦੇ ਸਾਹਮਣੇ ਇਹ ਪ੍ਰਵਾਸੀ ਨਾਜਾਇਜ਼ ਕਬਜ਼ੇ ਕਰਕੇ ਆਪਣੇ ਧੰਦੇ ਚਲਾਉਂਦੇ ਹਨ ਉਹ ਦੁਕਾਨਦਾਰ ਹੀ ਇਹਨਾਂ ਨੂੰ ਆਪਣੇ ਸਾਹਮਣੇ ਬੈਠਣ ਤੋਂ ਕਿਉਂ ਨਹੀਂ ਉਠਾਉਂਦੇ ਤੇ ਕੁਝ ਦੁਕਾਨਦਾਰ ਇਹਨਾਂ ਦਾ ਸਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਦੇ ਹਨ ਜਿਨਾਂ ਤੋਂ ਉਹ ਸ਼ਾਮ ਦੇ ਸਮੇਂ ਪੈਸੇ ਵੀ ਵਸੂਲਦੇ ਹਨ। ਉਹਨਾਂ ਕਿਹਾ ਕਿ ਸ਼ਹਿਰ ਨੂੰ ਸਾਫ ਸੋਹਣਾ ਅਤੇ ਕਬਜ਼ਿਆਂ ਤੋਂ ਆਜ਼ਾਦ ਕਰਵਾਉਣਾ ਇਕੱਲਾ ਨਗਰ ਕੌਂਸਲ ਪ੍ਰਧਾਨ ਜਾਂ ਪੁਲਿਸ ਪ੍ਰਸ਼ਾਸਨ ਦਾ ਹੀ ਕੰਮ ਨਹੀਂ ਇਹ ਸਾਰੇ ਸ਼ਹਿਰ ਵਾਸੀਆਂ, ਦੁਕਾਨਦਾਰਾਂ ਦਾ ਸਾਂਝਾ ਕੰਮ ਹੈ ਤੇ ਇਸ ਉਪਰਾਲੇ ਵਿੱਚ ਸਭਨਾਂ ਦਾ ਸਹਿਯੋਗ ਹੋਣਾ ਚਾਹੀਦਾ ਹੈ।