(ਬਿਊਰੋ ਚੈਕ ਪੋਸਟ) ਫਗਵਾੜਾ। ਸੀਨੀਅਰ ਅਕਾਲੀ ਆਗੂ ਅਤੇ ਸ੍ਰੋਮਣੀ ਅਕਾਲੀ ਦਲ ਜਿਲਾ ਕਪੂਰਥਲਾ ਦੇ ਸਰਪ੍ਰਸਤ ਗਿ. ਭਗਤ ਸਿੰਘ ਭੁੰਗਰਨੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ’ਚ ਜਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਦੇਖਦੇ ਹੋਏ ਝੋਨੇ ਦੀ ਥਾਂ ਮੱਕੀ ਦੀਆਂ ਸੁਧਰੀਆਂ ਕਿਸਮਾਂ ਅਤੇ ਗੰਨਾ, ਆਲੂ, ਮੂੰਗਫਲੀ ਤੇ ਕਪਾਹ ਵਰਗੀਆਂ ਫਸਲਾਂ ਨੂੰ ਤਰਜੀਹ ਦੇਣ। ਇਹਨਾਂ ਫਸਲਾਂ ਦੀ ਖੇਤੀ ਨਾਲ ਝੋਨੇ ਦੀ ਬਜਾਏ ਜਿਆਦਾ ਫਾਇਦਾ ਹੋ ਸਕਦਾ ਹੈ ਤੇ ਸਿੱਧੀ ਬਿਜਾਈ ਵੀ ਹੋ ਸਕਦੀ ਹੈ। ਕਣਕ, ਛੋਲੇ, ਦਾਲਾਂ ਤੇ ਹੋਰ ਤੇਲ ਵਾਲੀਆਂ ਫਸਲਾਂ ਦੀ ਸਮੇਂ ਸਿਰ ਬਿਜਾਈ ਹੋ ਸਕਦੀ ਹੈ ਤੇ ਇਹਨਾਂ ਫਸਲਾਂ ਨਾਲ ਵਧੀਆ ਆਮਦਨ ਵੀ ਸੰਭਵ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਨਗਦੀ ਪੈਸੇ (ਕੈਸ਼ ਕਰੋਪਸ) ਦੇਣ ਵਾਲੀਆਂ ਫਸਲਾਂ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਵੀ ਪੁਰਜੋਰ ਮੰਗ ਕੀਤੀ ਕਿ ਕਿਸਾਨਾਂ ਨੂੰ ਨਗਦੀ ਪੈਸੇ ਦੇਣ ਵਾਲੀਆਂ ਫਸਲਾਂ ਦੀ ਬਿਜਾਈ ਬਾਰੇ ਜਾਗਰੁਕ ਕਰਨ ਲਈ ਉਚੇਰੇ ਕਦਮ ਚੁੱਕੇ ਜਾਣ ਅਤੇ ਮੰਡੀਆਂ ਵਿਚ ਇਹਨਾਂ ਫਸਲਾਂ ਦੀ ਖਰੀਦ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ। ਜੇਕਰ ਕਿਸਾਨ ਝੋਨੇ ਦੇ ਗੇੜ ਵਿਚ ਫਸੇ ਰਹੇ ਤਾਂ ਪੰਜ ਪਾਣੀਆਂ ਦੀ ਧਰਤੀ ਪੰਜਾਬ ਨੂੰ ਮਾਰੁਥਲ ਬਣਨ ਵਿਚ ਜਿਆਦਾ ਸਮਾਂ ਨਹੀਂ ਲੱਗੇਗਾ ਅਤੇ ਲੋਕਾਂ ਨੂੰ ਪੀਣ ਲਈ ਵੀ ਪਾਣੀ ਨਸੀਬ ਨਹੀਂ ਹੋਵੇਗਾ।