
(ਸ਼ਿਵ ਕੋੜਾ) ਫਗਵਾੜਾ। ਫਗਵਾੜਾ ਇੱਟ ਭੱਠਾ ਐਸੋਸੀਏਸ਼ਨ ਦੇ ਉਪਰਾਲੇ ਸਦਕਾ ਅੱਜ ਕਰ ਅਤੇ ਆਬਕਾਰੀ ਵਿਭਾਗ ਫਗਵਾੜਾ ਨੇ ਜੀ.ਐਸ.ਟੀ. ਦੀ ਚੋਰੀ ਕਰਕੇ ਫਗਵਾੜਾ ਇਲਾਕੇ ਵਿਚ ਇੱਟਾਂ ਵੇਚਣ ਲਈ ਆਏ ਇਕ ਅੰਡਰ ਬਿਲਿੰਗ ਟਰੱਕ ਨੂੰ ਕਾਬੂ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਪਰਾਸ਼ਰ ਨੇ ਦੱਸਿਆ ਕਿ ਟਰੱਕ ਨੰਬਰ ਪੀ.ਬੀ. 11 ਐਕਸ 8395 ਨੂੰ ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਅਸ਼ੋਕ ਕੁਮਾਰ ਤੇ ਇੰਸਪੈਕਟਰ ਅਰੁਣ ਜੈਨ ਦੀ ਮੱਦਦ ਨਾਲ 13 ਹਜਾਰ ਇੱਟਾਂ ਸਮੇਤ ਬਿਨਾ ਬਿੱਲ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਕਿ ਗੁਆਂਢੀ ਸੂਬਿਆਂ ਰਾਜਸਥਾਨ, ਹਰਿਆਣਾ ਤੋਂ ਟੱਰਕਾਂ ਵਿਚ ਇੱਟਾਂ ਭਰ ਕੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਗੈਰ ਕਾਨੂੰਨੀ ਢੰਗ ਨਾਲ ਘੱਟ ਕੀਮਤ ਤੇ ਵੇਚੀਆਂ ਜਾਂਦੀਆਂ ਹਨ ਅਤੇ ਜੀ.ਐਸ.ਟੀ. ਦੀ ਚੋਰੀ ਕਰਕੇ ਤੇ ਟਰੱਕਾਂ ਵਿਚ ਪੰਜਾਬ ਦਾ ਸਬਸਿਡੀ ਵਾਲਾ ਸਸਤਾ ਡੀਜਲ ਭਰਵਾ ਕੇ ਮੁਨਾਫਾ ਖੋਰੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਡੀਜਲ ਕਰੀਬ 10 ਰੁਪਏ ਸਸਤਾ ਹੈ ਜਿਸਦਾ ਇਹ ਲੋਕ ਨਜਾਇਜ ਲਾਭ ਉਠਾਉਂਦੇ ਹਨ। ਉਹਨਾਂ ਦੱਸਿਆ ਕਿ ਈ.ਟੀ.ਓ. ਅਸ਼ੋਕ ਕੁਮਾਰ ਵਲੋਂ ਟਰੱਕ ਦਾ ਚਲਾਨ ਕੱਟ ਕੇ ਪੁਲਿਸ ਦੇ ਸਪੁਰਦ ਕਰ ਦਿੱਤਾ ਗਿਆ ਹੈ। ਸੁਨੀਲ ਪਰਾਸ਼ਰ ਨੇ ਦੱਸਿਆ ਕਿ ਗੁਆਂਢੀ ਸੂਬਿਆਂ ਤੋਂ ਇਲਾਵਾ ਪੰਜਾਬ ਦੇ ਮੋਗਾ, ਸੰਗਰੂਰ ਅਤੇ ਹੋਰਨਾਂ ਸ਼ਹਿਰਾਂ ਤੋਂ ਵੀ ਅੰਡਰ ਬਿਲਿੰਗ ਇੱਟਾਂ ਫਗਵਾੜਾ ਅਤੇ ਨੇੜਲੇ ਇਲਾਕਿਆਂ ਵਿਚ ਵੇਚੀਆਂ ਜਾ ਰਹੀਆਂ ਹਨ। ਇਸ ਭਿ੍ਰਸ਼ਟਾਚਾਰ ਦੇ ਖਿਲਾਫ ਫਗਵਾੜਾ ਇੱਟ ਭੱਠਾ ਐਸੋਸੀਏਸ਼ਨ ਦੀ ਮੁਹਿਮ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਉਹਨਾਂ ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸਵਰਨ ਸਿੰਘ, ਬੋਬੀ ਠੱਕਰਕੀ, ਰਾਜਾ ਪਰਮਾਰ, ਦਰਸ਼ਨ ਸਿੰਘ ਪਿ੍ਰੰਸ ਆਦਿ ਵੀ ਹਾਜਰ ਸਨ