
(ਸ਼ਿਵ ਕੋੜਾ) ਫਗਵਾੜਾ। ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਜਿਲਾ ਖੇਤੀਬਾੜੀ ਅਫਸਰ ਡਾ. ਸੁਰਿੰਦਰ ਕੁਮਾਰ ਵਿਰਦੀ ਦੀ ਹਦਾਇਤ ਅਨੁਸਾਰ ਬਲਾਕ ਖੇਤੀਬਾੜੀ ਅਫਸਰ ਡਾ. ਪਰਮਜੀਤ ਸਿੰਘ ਮਹੇ ਦੀ ਅਗਵਾਈ ਹੇਠ ਪਿੰਡ ਪਲਾਹੀ ਵਿਖੇ ਪਾਣੀ ਬਚਾਓ-ਪੰਜਾਬ ਬਚਾਓ ਮੁਹਿਮ ਤਹਿਤ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਜਿੱਥੇ ਕਿਸਾਨਾਂ ਨਾਲ ਖੇਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਹੀ ਝੋਨੇ ਦੀ ਸਿੱਧੀ ਬਿਜਾਈ ਬਾਰੇ ਸਿਖਲਾਈ ਦਿੱਤੀ ਗਈ। ਇਸ ਦੌਰਾਨ ਡਾ. ਸੁਖਦੇਵ ਸਿੰਘ ਖੇਤੀਬਾੜੀ ਅਫਸਰ (ਟਰੇਨਿੰਗ) ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬਿਨਾ ਕੱਦੂ ਕੀਤਿਆਂ ਝੋਨੇ ਦੀ ਸਿੱਧੀ ਬਿਜਾਈ ਪਾਣੀ ਦੀ ਬਚਤ ਵਾਲੀ ਤਕਨੀਕ ਹੈ। ਉਹਨਾਂ ਦੱਸਿਆ ਕਿ ਇਸ ਨਾਲ 15 ਤੋਂ 20 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ ਅਤੇ ਨਾਲ ਹੀ ਜਮੀਨ ਵਿਚ ਪਾਣੀ ਦਾ ਜਿਆਦਾ ਰੀਚਾਰਜ, ਲੇਬਰ ਦੀ ਬਚਤ, ਘੱਟ ਬਿਮਾਰੀਆਂ ਅਤੇ ਅਗਲੀ ਕਣਕ ਦੀ ਫਸਲ ਦਾ ਵੱਧ ਝਾੜ ਪ੍ਰਾਪਤ ਹੁੰਦਾ ਹੈ। ਉਹਨਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀ ਤੋਂ ਭਾਰੀ ਜਮੀਨ ਵਿਚ ਕੀਤੀ ਜਾ ਸਕਦੀ ਹੈ। ਡਾ. ਪਰਮਜੀਤ ਸਿਘ ਮਹੇ ਨੇ ਦੱਸਿਆ ਕਿ ਸਿੱਧੀ ਬਿਜਾਈ ਕਰਨ ਲਈ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀ.ਆਰ. 126 ਦੀ ਬਿਜਾਈ ਕਰਨੀ ਚਾਹੀਦੀ ਹੈ। ਪਹਿਲਾਂ ਪਾਣੀ 21 ਦਿਨ ਬਾਅਦ ਦੇਣਾ ਚਾਹੀਦਾ ਹੈ। ਖੇਤੀਬਾੜੀ ਇੰਜੀਨੀਅਰ ਅਭਿਸ਼ੇਕ ਵੈਦ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਮਸ਼ੀਨ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਆਪ ਪਾਰਟੀ ਜਿਲਾ ਕਪੂਰਥਲਾ ਦੇ ਜੁਆਇੰਟ ਸਕੱਤਰ ਡਾ. ਜਤਿੰਦਰ ਪਰਹਾਰ ਨੇ ਆਰ.ਓ. ਦੇ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜਿੱਥੇ ਪਾਣੀ ਪੀਣ ਯੋਗ ਹੈ ਉੱਥੇ ਆਰ.ਓ. ਦੀ ਵਰਤੋਂ ਨਾਲ ਕਰਕੇ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾ ਨੂੰ ਪੰਦਰਾਂ ਸੌ ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇ ਰਹੀ ਹੈ। ਇਸ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾ ਕੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਦੀ ਬਚਤ ਕੀਤੀ ਜਾਵੇ। ਇਸ ਮੌਕੇ ਜੋਗਿੰਦਰ ਪਾਲ ਸਿੰਘ ਪ੍ਰਧਾਨ, ਮੈਡਮ ਸੰਦੀਪ ਕੌਰ ਮਾਨਵ ਸੰਸਾਧਨ ਆਯੋਗ ਐਨ.ਜੀ.ਓ., ਆਪ ਆਗੂ ਤਵਿੰਦਰ ਰਾਮ, ਖੇਤੀਬਾੜੀ ਵਿਭਾਗ ਦੇ ਸਬ ਇੰਸਪੈਕਟਰ ਵਿਕਾਸ ਭਾਟੀਆ, ਬਲਵੰਤ ਰਾਏ ਜੂਨੀਅਰ ਟੈਕਨੀਸ਼ੀਅਨ, ਕਿਸਾਨ ਮੇਜਰ ਸਿੰਘ, ਤੀਰਥ ਸਿੰਘ, ਅਬਜਿੰਦਰ ਸਿੰਘ, ਗੁਰਮੁਖ ਸਿੰਘ ਆਦਿ ਹਾਜਰ ਸਨ।