
– ਕੁਸਟ ਰੋਗ ਇਲਾਜ ਯੋਗ ਹੈ : ਡਾ: ਅਮਰਜੀਤ ਕੌਰ
(ਜਗਸੀਰ ਸਿੰਘ) ਲੌਂਗੋਵਾਲ। ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਅਮਰਜੀਤ ਕੌਰ ਦੀ ਅਗਵਾਈ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਵਰ੍ਹੇਗੰਢ ਮੌਕੇ ਸ੍ਰੀ ਗੁਰੂ ਅਰਜਨ ਦੇਵ ਜੀ ਕੁਸ਼ਟ ਆਸ਼ਰਮ, ਸੰਗਰੂਰ ਵਿਖੇ ਕੁਸ਼ਟ ਰੋਗੀਆਂ ਨੂੰ ਐੱਮ ਸੀ ਆਰ ਫੁੱਟ ਵੀਅਰ ਅਤੇ ਅਲਸਰ ਕਿਟਾਂ ਵੰਡੀਆਂ ਗਈਆਂ ਅਤੇ ਜਾਗਰੂਕਤਾ ਕੈੰਪ ਲਗਾਇਆ ਗਿਆ। ਡਾ. ਅਮਰਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਸ਼ਟ ਰੋਗ ਇਲਾਜ ਯੋਗ ਹੈ, ਇਹ ਕੋਈ ਸਰਾਪ ਜਾਂ ਕਰੋਪੀ ਨਹੀਂ ਹੈ। ਇਸ ਲਈ ਸਮੇਂ ਸਿਰ ਇਸ ਦਾ ਇਲਾਜ ਮਾਹਿਰ ਡਾਕਟਰ ਤੋਂ ਕਰਵਾਉਣਾ ਚਾਹੀਂਦਾ ਹੈ। ਕੁਸ਼ਟ ਰੋਗੀ ਤੋਂ ਨਫਰਤ ਨਹੀਂ ਕਰਨੀ ਚਾਹੀਂਦੀ। ਇਸ ਮੌਕੇ ਜਿਲ੍ਹਾ ਲੇਪਰੋਸੀ ਅਫ਼ਸਰ ਅਤੇ ਚਮੜੀ ਰੋਗਾਂ ਦੇ ਮਾਹਿਰ ਡਾ: ਨਵਦੀਪ ਅਰੋੜਾ ਨੇ ਦੱਸਿਆ ਕੇ ਚਮੜੀ ਤੇ ਹਲਕੇ ਪੀਲੇ ਚਟਾਕ ਪੈਣਾ, ਚਮੜੀ ਦਾ ਸੁੰਨ ਹੋ ਜਾਣਾ, ਹੱਥਾਂ-ਪੈਰਾਂ ਦੀਆਂ ਉਂਗਲਾਂ ਦਾ ਝੜ ਜਾਣਾ, ਗਰਮ ਅਤੇ ਠੰਡੀ ਵਸਤੂ ਦਾ ਪਤਾ ਨਾ ਲੱਗਣਾ, ਚਿਹਰਾ ਚਮਕਦਾਰ ਹੋ ਜਾਣਾ, ਪਸੀਨਾ ਨਾ ਆਉਣਾ ਆਦਿ ਇਸ ਦੇ ਮੁੱਖ ਲੱਛਣ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿਚ ਅਜਿਹੇ ਲੱਛਣ ਹੋਣ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕੁਸ਼ਟ ਰੋਗ ਦਾ ਚੈਕਅਪ ਅਤੇ ਇਲਾਜ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਜਿਲ੍ਹਾ ਮਾਸ ਐਜੂਕੇਸ਼ਨ ਅਤੇ ਇਨਫਰਮੇਸ਼ਨ ਅਫ਼ਸਰ ਕਰਨੈਲ ਸਿੰਘ, ਜਿਲ੍ਹਾ ਬੀ ਸੀ ਸੀ ਹਰਜੀਤ ਸਿੰਘ,ਬਲਾਕ ਐਜੂਕੇਟਰ ਕੇਤਨ ਗੁਪਤਾ , ਨਾਨ ਮੈਡੀਕਲ ਸੁਪਰਵਾਈਜ਼ਰ ਹਰਪਾਲ ਕੌਰ ਹਾਜ਼ਰ ਸਨ।