
ਲੌਂਗੋਵਾਲ (ਜਗਸੀਰ ਸਿੰਘ) – ਨਸ਼ੀਲੀਆਂ ਦਵਾਈਆਂ ਦੀ ਆੜ ਵਿੱਚ ਸਮੁੱਚੇ ਕੈਮਿਸਟ ਭਾਈਚਾਰੇ ਨੂੰ ਚੋਰ ਸਾਬਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮੀਡੀਆ ਅਤੇ ਪ੍ਰਬੰਧਕੀ ਢਾਂਚੇ ਵਿਰੁੱਧ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਸੰਗਰੂਰ ਨੇ ਤਿੱਖਾ ਰੋਸ ਪ੍ਰਗਟ ਕੀਤਾ ਹੈ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ (ਪੀ.ਸੀ.ਏ. ) ਦੇ ਬੁਲਾਰੇ ਨਰੇਸ਼ ਜਿੰਦਲ, ਜਨਰਲ ਸਕੱਤਰ ਰਾਜੀਵ ਜੈਨ ਅਤੇ ਚੇਅਰਮੈਨ ਸੰਜੇ ਧੂਰੀ ਨੇ ਦੋ-ਟੁੱਕ ਸ਼ਬਦਾਂ ਵਿੱਚ ਕਿਹਾ ਕਿ ਕੁਝ ਲਾਲਚੀ ਅਤੇ ਭ੍ਰਿਸ਼ਟ ਅਨਸਰਾਂ ਦੀਆਂ ਕਾਲੀਆਂ ਕਰਤੂਤਾਂ ਦਾ ਠੀਕਰਾ ਸਮੁੱਚੇ ਮੈਡੀਕਲ ਸਟੋਰ ਸੰਚਾਲਕਾਂ ਦੇ ਸਿਰ ਭੰਨਣਾ ਸਰਾਸਰ ਬੇਇਨਸਾਫ਼ੀ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਹਰ ਦਵਾਈ ਦਾ ਮਕਸਦ ਮਨੁੱਖ ਦੀ ਬਿਮਾਰੀ ਦੂਰ ਕਰਨਾ ਅਤੇ ਉਸ ਦੀ ਜਾਨ ਬਚਾਉਣਾ ਹੁੰਦਾ ਹੈ, ਨਾ ਕਿ ਨਸ਼ੇ ਦੀ ਲਤ ਪੂਰੀ ਕਰਨਾ। ਜੇਕਰ ਕੁਝ ਲੋਕ ਆਪਣੀ ਗ਼ਲਤ ਮਾਨਸਿਕਤਾ ਕਾਰਨ ਦਵਾਈਆਂ ਦੀ ਵੱਧ ਖ਼ੁਰਾਕ ਲੈਂਦੇ ਹਨ ਤਾਂ ਇਸ ਲਈ ਦਵਾਈ ਵੇਚਣ ਵਾਲੇ ਹਰੇਕ ਕੈਮਿਸਟ ਨੂੰ ਜ਼ਿੰਮੇਵਾਰ ਠਹਿਰਾਉਣਾ ਕਿੱਥੋਂ ਤੱਕ ਜਾਇਜ਼ ਹੈ? ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਦੀਆਂ ਗ਼ਲਤ ਕਾਰਵਾਈਆਂ ਦੇ ਆਧਾਰ ’ਤੇ ਸਮੁੱਚੇ ਕੈਮਿਸਟ ਭਾਈਚਾਰੇ ਨੂੰ ਬਦਨਾਮ ਕਰਨਾ ਠੀਕ ਨਹੀਂ ਹੈ। ਐਸੋਸੀਏਸ਼ਨ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਿਰਫ਼ ਛੋਟੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰਕੇ ਆਪਣੀ ਪਿੱਠ ਥਾਪੜਨ ਦੀ ਬਜਾਏ ਨਸ਼ੀਲੀਆਂ ਦਵਾਈਆਂ ਦੇ ਉਤਪਾਦਨ ਦੇ ਸਰੋਤਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਦਵਾਈਆਂ ਦੇ ਗ਼ੈਰ-ਕਾਨੂੰਨੀ ਉਤਪਾਦਨ ਵਿੱਚ ਸ਼ਾਮਲ ਫੈਕਟਰੀਆਂ ਵਿਰੁੱਧ ਠੋਸ ਕਦਮ ਚੁੱਕੇ ਜਾਣ ਅਤੇ ਉਨ੍ਹਾਂ ਨੂੰ ਬੰਦ ਕੀਤਾ ਜਾਵੇ ਤਾਂ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਤੱਕ ਉਤਪਾਦਨ ਦੇ ਸਰੋਤਾਂ ਵਿਰੁੱਧ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਇਸ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਿਵੇਂ ਕੀਤਾ ਜਾ ਸਕਦਾ ਹੈ। ਐਸੋਸੀਏਸ਼ਨ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਦੁਕਾਨਾਂ ਤੋਂ ਬਾਹਰ ਆਨਲਾਈਨ ਮਾਧਿਅਮਾਂ ਅਤੇ ਮੋਬਾਈਲ ਫ਼ੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਗਿਰੋਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਪ੍ਰਸ਼ਾਸਨ ਦਾ ਧਿਆਨ ਅਜਿਹੇ ਗਿਰੋਹਾਂ ਅਤੇ ਵੱਡੇ ਸੌਦਾਗਰਾਂ ਵੱਲ ਕਿਉਂ ਨਹੀਂ ਜਾਂਦਾ? ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕਾਰਵਾਈ ਨਿਰਪੱਖ, ਠੋਸ ਅਤੇ ਪਾਰਦਰਸ਼ੀ ਹੋਣੀ ਚਾਹੀਦੀ ਹੈ, ਤਾਂ ਜੋ ਗ਼ੈਰ-ਕਾਨੂੰਨੀ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋ ਸਕੇ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕੈਮਿਸਟਾਂ ਨੂੰ ਬੇਵਜ੍ਹਾ ਬਦਨਾਮ ਨਾ ਹੋਣਾ ਪਵੇ। ਕੈਮਿਸਟ ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਮੁੱਦੇ ’ਤੇ ਸਿਰਫ਼ ਬਿਆਨਬਾਜ਼ੀ ਕਰਨ ਦੀ ਬਜਾਏ ਤੁਰੰਤ ਠੋਸ ਅਤੇ ਪਾਰਦਰਸ਼ੀ ਕਦਮ ਚੁੱਕੇ ਜਾਣ, ਤਾਂ ਜੋ ਮਾਨਸਾ ਵਰਗੀਆਂ ਦਰਦਨਾਕ ਅਤੇ ਸ਼ਰਮਨਾਕ ਘਟਨਾਵਾਂ ਮੁੜ ਨਾ ਵਾਪਰਨ ਅਤੇ ਦੇਸ਼ ਜਾਂ ਸੂਬੇ ਦੇ ਮੱਥੇ ’ਤੇ ਅਜਿਹਾ ਕਲੰਕ ਨਾ ਲੱਗੇ। ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਇਮਾਨਦਾਰੀ ਨਾਲ ਆਪਣਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਕੈਮਿਸਟ ਨਾਲ ਬੇਇਨਸਾਫ਼ੀ ਨਹੀਂ ਹੋਣੀ ਚਾਹੀਦੀ ਅਤੇ ਨਸ਼ੀਲੇ ਪਦਾਰਥਾਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।