
ਲੁਧਿਆਣਾ/ਮਾਲੇਰਕੋਟਲਾ (ਸਰਬਜੀਤ ਸਿੰਘ ਸੋਨੀ) : ਮਾਲੇਰਕੋਟਲਾ ਪੁਲਿਸ ਦੇ ਸੀ.ਆਈ.ਏ. ਸਟਾਫ਼ ਮਾਹੋਰਾਣਾ ਨੇ ਇਲਾਕੇ ਵਿੱਚ ਔਰਤਾਂ ਦੇ ਗਲ਼ਾਂ ਅਤੇ ਕੰਨਾਂ ਵਿੱਚੋਂ ਝਪਟਮਾਰੀ ਕਰਕੇ ਸੋਨਾ ਖੋਹਣ ਵਾਲੇ ਇੱਕ ਬੇਹੱਦ ਸ਼ਾਤਰ ਅੰਤਰ-ਜ਼ਿਲ੍ਹਾ ਗਿਰੋਹ ਨੂੰ ਦਬੋਚਣ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਇਸ ਗਿਰੋਹ ਦੇ 4 ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟਿਆ ਸੋਨਾ, ਵਾਰਦਾਤਾਂ ਵਿੱਚ ਵਰਤੇ ਮੋਟਰਸਾਈਕਲ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਇਸ ਗਿਰੋਹ ਨੇ ਮਾਲੇਰਕੋਟਲਾ, ਲੁਧਿਆਣਾ ਅਤੇ ਤਰਨਤਾਰਨ ਵਿੱਚ ਘੱਟੋ-ਘੱਟ 8 ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲੁੱਟ ਦਾ ਸੋਨਾ ਸਸਤੇ ਭਾਅ ਖ਼ਰੀਦਣ ਵਾਲੇ ਤਰਨਤਾਰਨ ਦੇ ਦੋ ਸੁਨਿਆਰੇ ਭਰਾਵਾਂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਤਹਿਤ ਸੀ.ਆਈ.ਏ. ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ, ਐਸ.ਪੀ. (ਇਨਵੈਸਟੀਗੇਸ਼ਨ) ਰਮਨਦੀਪ ਸਿੰਘ ਭੁੱਲਰ ਅਤੇ ਡੀ.ਐਸ.ਪੀ. ਦੀਪਵਿੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਚੈਕਿੰਗ ‘ਤੇ ਸੀ। ਇਸੇ ਦੌਰਾਨ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੂੰ ਮੁਖ਼ਬਰੀ ਮਿਲੀ ਕਿ ਛਾਉਣੀ ਰੋਡ ਸਥਿਤ ਮਸਜਿਦ ਨੇੜੇ ਕੁਝ ਸ਼ੱਕੀ ਲੁਟੇਰੇ ਰੁਕੇ ਹੋਏ ਹਨ। ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਭੱਜਣ ਦੀ ਕੋਸ਼ਿਸ਼ ਕਰ ਰਹੇ ਤਿੰਨ ਮੁਲਜ਼ਮਾਂ ਸਾਮੂ, ਮੁਕੱਦਰਾ ਕੁਮਾਰ ਅਤੇ ਕਾਡਾ ਰਾਮ ਨੂੰ ਮੌਕੇ ‘ਤੇ ਹੀ ਦਬੋਚ ਲਿਆ ਗਿਆ, ਜਦਕਿ ਚੌਥਾ ਮੁਲਜ਼ਮ ਸੰਜੇ ਕੁਮਾਰ ਬਾਅਦ ਵਿੱਚ ਰਿਮਾਂਡ ਦੌਰਾਨ ਮਿਲੀ ਨਿਸ਼ਾਨਦੇਹੀ ‘ਤੇ ਗ੍ਰਿਫ਼ਤਾਰ ਕੀਤਾ ਗਿਆ। ਮੁਦਈ ਮੁਕੱਦਮਾ ਦਾਰਾ ਸਿੰਘ ਨੇ ਵੀ ਇਨ੍ਹਾਂ ਦੀ ਸ਼ਨਾਖ਼ਤ ਕੀਤੀ ਹੈ। ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਇਹ ਲੁਟੇਰੇ ਤਰਨਤਾਰਨ ਅਤੇ ਹੋਰਨਾਂ ਜ਼ਿਲ੍ਹਿਆਂ ਤੋਂ ਮੋਟਰਸਾਈਕਲਾਂ ‘ਤੇ ਆਉਂਦੇ ਸਨ। ਪੁਲਿਸ ਦੀ ਅੱਖ ਤੋਂ ਬਚਣ ਲਈ ਇਹ ਹੋਟਲਾਂ ਵਿੱਚ ਰੁਕਣ ਦੀ ਬਜਾਏ ਧਾਰਮਿਕ ਅਤੇ ਜਨਤਕ ਥਾਵਾਂ ‘ਤੇ ਰਾਤਾਂ ਕੱਟਦੇ ਸਨ। ਇਹ ਬਾਈਪਾਸਾਂ ਜਾਂ ਭੀੜ ਵਾਲੀਆਂ ਸੜਕਾਂ ‘ਤੇ ਇਕੱਲੀਆਂ ਜਾਂ ਬਜ਼ੁਰਗ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪਹਿਲਾਂ ਗੱਲਾਂ ਵਿੱਚ ਉਲਝਾ ਕੇ ਧਿਆਨ ਭਟਕਾਉਂਦੇ ਅਤੇ ਫਿਰ ਪਲਾਂ ਵਿੱਚ ਹੀ ਵਾਲੀਆਂ ਜਾਂ ਟੌਪਸ ਝਪਟ ਕੇ ਫ਼ਰਾਰ ਹੋ ਜਾਂਦੇ ਸਨ। ਮੁਲਜ਼ਮਾਂ ਨੇ ਮੰਨਿਆ ਕਿ ਉਹ ਖੋਹਿਆ ਹੋਇਆ ਸੋਨਾ ਤਰਨਤਾਰਨ ਦੀ ਮਾਸਟਰ ਕਲੋਨੀ (ਮੁਰਾਦਪੁਰਾ) ਦੇ ਰਹਿਣ ਵਾਲੇ ਦੋ ਸੁਨਿਆਰੇ ਭਰਾਵਾਂ ਰਾਜਵਿੰਦਰ ਸਿੰਘ ਉਰਫ਼ ਰਾਜਨ ਅਤੇ ਹਰਪ੍ਰੀਤ ਸਿੰਘ ਉਰਫ਼ ਭੋਲੂ ਨੂੰ ਵੇਚਦੇ ਸਨ, ਜਿਨ੍ਹਾਂ ਨੂੰ ਹੁਣ ਕੇਸ ਵਿੱਚ ਨਾਮਜ਼ਦ ਕਰਕੇ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਇਸ ਗਿਰੋਹ ਦੇ ਦੋ ਹੋਰ ਸਾਥੀ ਲੰਬੂ ਬਾਬਾ ਅਤੇ ਮਮਤਾ (ਵਾਸੀ ਤਰਨਤਾਰਨ) ਅਜੇ ਫ਼ਰਾਰ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਕਾਲਾ ਪਲਸਰ, ਮੋਟਰਸਾਈਕਲ (PB-46-AP-1223), ਇੱਕ ਵਨ ਪੁਲਿਸ ਮੋਬਾਈਲ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਅਦਾਲਤ ਤੋਂ 3 ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਕਈ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।