– ਜਾਮੁਨ ਖਾ ਕੇ ਦਰੱਖਤ ਹੇਠਾਂ ਸੌਂ ਰਿਹਾ ਸੀ ਬੱਚਾ
ਕੁਰੂਕਸ਼ੇਤਰ, (ਗੁਰਮੀਤ ਦੁੱਗਲ)। ਧਰਮਨਗਰੀ ‘ਚ ਮੰਗਲਵਾਰ ਨੂੰ ਦਿਲ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਖੇਤ ਵਿੱਚ ਇੱਕ ਦਰੱਖਤ ਹੇਠਾਂ ਸੌਂ ਰਹੇ 10 ਸਾਲਾ ਬੱਚੇ ਨੂੰ 5-6 ਅਵਾਰਾ ਕੁੱਤਿਆਂ ਨੇ ਨੌਚ ਲਿਆ। ਹਫੜਾ-ਦਫੜੀ ਵਿਚ ਖੂਨ ਨਾਲ ਲਥਪਥ ਬੱਚੇ ਨੂੰ ਲੈ ਕੇ ਪਰਿਜਨ ਹਸਪਤਾਲ ਪੁੱਜੇ, ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਅਮਨ ਪੁੱਤਰ ਚੰਦਰਪਾਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹਰਦੋਈ ਯੂਪੀ ਦਾ ਰਹਿਣ ਵਾਲਾ ਚੰਦਰਪਾਲ ਆਪਣੇ ਪਰਿਵਾਰ ਨਾਲ ਕੁਰੂਕਸ਼ੇਤਰ ਦੇ ਪਿੰਡ ਚਨਾਰਥਲ ‘ਚ ਜਰਨੈਲ ਸਿੰਘ ਦੇ ਖੇਤ ‘ਚ ਝੋਨਾ ਲਾਉਣ ਲਈ ਆਇਆ ਸੀ। ਦਿਨ ਵੇਲੇ ਉਹ ਖੇਤ ਵਿੱਚ ਝੋਨਾ ਲਗਾ ਰਿਹਾ ਸੀ। ਇਸ ਦੌਰਾਨ ਉਸ ਦੀ ਬੇਟੀ ਅੰਜਲੀ ਅਤੇ ਦਸ ਸਾਲਾ ਪੁੱਤਰ ਅਮਨ ਨਾਲ ਲਗਦੇ ਖੇਤ ਵਿੱਚ ਜਾਮੁਨ ਖਾਣ ਲਈ ਚਲੇ ਗਏ। ਉਥੋਂ ਅੰਜਲੀ ਵਾਪਸ ਆ ਗਈ, ਪਰ ਅਮਨ ਉਥੇ ਜਾਮੁਨ ਦੇ ਦਰਖਤ ਹੇਠਾਂ ਸੌ ਗਿਆ। ਦਰੱਖਤ ਹੇਠਾਂ ਸੌਂ ਰਹੇ ਅਮਨ ‘ਤੇ 5-6 ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਅਮਨ ਨੂੰ ਸਿਰ ਅਤੇ ਗਰਦਨ ‘ਤੇ ਬੁਰੀ ਤਰ੍ਹਾਂ ਵੱਢ ਲਿਆ। ਜਦੋਂ ਤੱਕ ਪਰਿਜਨ ਹਸਪਤਾਲ ਪੁੱਜੇ, ਤਾਂ ਅਮਨ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।