ਹੁਣ 29 ਜਨਵਰੀ ਨੂੰ ਹੋਵੇਗੀ ਡੀ.ਟੀ.ਐੱਫ ਦੀ ਵਜੀਫ਼ਾ ਪ੍ਰੀਖਿਆ : ਬਲਬੀਰ ਚੰਦ ਲੌਂਗੋਵਾਲ

Share and Enjoy !

Shares

– ਵਿਭਾਗ ਵੱਲੋਂ ਛੁੱਟੀਆਂ ਵਧਾਉਣ ਦੇ ਮੱਦੇਨਜ਼ਰ ਲਿਆ ਫ਼ੈਸਲਾ
(ਜਗਸੀਰ ਸਿੰਘ ) ਲੌਂਗੋਵਾਲ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.)ਸੰਗਰੂਰ ਦੀ ਜ਼ਿਲ੍ਹਾ ਕਮੇਟੀ ਦੀ ਅੱਜ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ ਦੀ ਅਗਵਾਈ ਵਿੱਚ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਜਸਬੀਰ ਨਮੋਲ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਵਿਭਾਗ ਵੱਲੋਂ ਸਰਦੀ ਦੀਆਂ ਛੁੱਟੀਆਂ ਵਧਾਉਣ ਦੇ ਮੱਦੇਨਜ਼ਰ ਹੁਣ ਵਜੀਫ਼ਾ ਪ੍ਰੀਖਿਆ 14 ਜਨਵਰੀ ਦੀ ਥਾਂ ’ਤੇ 29 ਜਨਵਰੀ ਨੂੰ ਕਰਵਾਈ ਜਾਵੇਗੀ। ਮੀਟਿੰਗ ਵਿੱਚ ਇਸ ਪ੍ਰੀਖਿਆ ਸਬੰਧੀ ਯੋਜਨਾਬੰਦੀ ਕੀਤੀ ਗਈ ਤੇ ਡਿਊਟੀਆਂ ਲਾਈਆਂ ਗਈਆਂ। ਇਸ ਤੋਂ ਇਲਾਵਾ ਇਹ ਤੈਅ ਕੀਤਾ ਗਿਆ ਕਿ ਰਜਿਸਟਰੇਸ਼ਨ ਫਾਰਮ ਵਿੱਚ ਦਰਜ ਪ੍ਰੀਖਿਆ ਕੇਂਦਰਾਂ ਤੋਂ ਇਲਾਵਾ ਮੂਨਕ ਸ਼ਹਿਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ (ਕੰਨਿਆ) ਮੂਨਕ ਵਿਖੇ ਪ੍ਰੀਖਿਆ ਦਾ ਕੇਂਦਰ ਬਣਾਇਆ ਜਾਵੇਗਾ ਤਾਂ ਕਿ ਨੇੜੇ ਦੇ ਪ੍ਰੀਖਿਆਰਥੀਆਂ ਨੂੰ ਸੁਵਿਧਾ ਹੋਵੇ। ਇਸ ਮੌਕੇ ਪ੍ਰੀਖਿਆ ਕੰਟਰੋਲਰਾਂ ਨੂੰ ਰਜਿਸਟਰੇਸ਼ਨ ਫਾਰਮ ਅਤੇ ਪ੍ਰੀਖਿਆ ਨਾਲ ਸਬੰਧਤ ਪੜ੍ਹਨ ਸਮੱਗਰੀ ਵੰਡੀ ਗਈ ਤਾਂ ਕਿ ਉਹ ਅੱਗੇ ਸਕੂਲਾਂ ਵਿੱਚ ਪਹੁੰਚਾ ਸਕਣ।ਇਸ ਤੋਂ ਇਲਾਵਾ ਮੀਟਿੰਗ ਵਿੱਚ ਵਿਦਿਆਰਥੀਆਂ ਦੇ ਵਿੱਦਿਅਕ ਟੂਰਾਂ ਦੇ ਮਸਲੇ ’ਤੇ ਜਥੇਬੰਦੀ ਦੇ ਪੰਜ ਜ਼ਿਲ੍ਹਾ ਆਗੂਆਂ ਖ਼ਿਲਾਫ਼ ਡਿਪਟੀ ਡੀ.ਈ.ਓ.(ਸੈਕੰਡਰੀ) ਸੰਗਰੂਰ ਵੱਲੋਂ ਕਰਵਾਈ ਗਈ ਐੱਫ.ਆਈ.ਆਰ. ਅਤੇ ਵਿਭਾਗ ਵੱਲੋਂ ਜਾਰੀ ਕੀਤੀਆਂ ਦੋਸ਼-ਸੂਚੀਆਂ ਦੇ ਸਬੰਧ ਵਿੱਚ ਭਵਿੱਖੀ ਐਕਸ਼ਨ ਦੀ ਰੂਪ-ਰੇਖਾ ਉਲੀਕੀ ਗਈ । ਮੀਟਿੰਗ ਵਿੱਚ ਪਿਛਲੇ ਦਿਨੀਂ ਜਥੇਬੰਦੀ ਵੱਲੋਂ ਡੀ.ਈ.ਓ. ਸੈਕੰਡਰੀ ਤੇ ਡੀ.ਈ.ਓ. ਐਲੀਮੈਂਟਰੀ ਨਾਲ ਕੀਤੀ ਗਈ ਮੀਟਿੰਗ ਦਾ ਰੀਵਿਊ ਵੀ ਕੀਤਾ ਗਿਆ ਤੇ ਇਸ ਅਨੁਸਾਰ ਭਵਿੱਖੀ ਐਕਸ਼ਨ ਦੀ ਯੋਜਨਾਬੰਦੀ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਵਿੱਦਿਅਕ ਟੂਰਾਂ ਦੇ ਮਸਲੇ ’ਤੇ ਤਤਕਾਲੀ ਡੀ.ਈ.ਓ. ਕੁਲਤਰਨਜੀਤ ਸਿੰਘ ਵੱਲੋਂ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦੇ ਕੇ ਆਪ ਸਾਰੇ ਸਟਾਫ਼ ਸਮੇਤ ਦਫ਼ਤਰ ਵਿੱਚੋਂ ਗ਼ੈਰ-ਹਾਜ਼ਰ ਹੋਣ ਸਬੰਧੀ ਡੀਸੀ ਸੰਗਰੂਰ ਨੂੰ ਕੀਤੀ ਸ਼ਿਕਾਇਤ ਦੀ ਪੈਰਵਾਈ ਕਰਨ ਸਬੰਧੀ ਯੋਜਨਾਬੰਦੀ ਕੀਤੀ ਗਈ। ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਡੀ.ਟੀ.ਐੱਫ. ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਦਾਤਾ ਸਿੰਘ ਨਮੋਲ, ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ,ਮੀਤ ਪ੍ਰਧਾਨ ਪਰਵਿੰਦਰ ਉਭਾਵਾਲ,ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ ਤੇ ਬਲਾਕਾਂ ਦੇ ਆਗੂ ਗੁਰਪ੍ਰੀਤ ਪਿਸ਼ੌਰ,ਨਾਇਬ ਸਿੰਘ ਰਟੋਲਾਂ,ਮਹਿੰਦਰ ਪ੍ਰਤਾਪ,ਸਤਵੀਰ ਭੁਪਾਲ, ਬਲਜੀਤ ਨਮੋਲ,ਸਤਨਾਮ ਉਭਾਵਾਲ ਸ਼ਾਮਲ ਸਨ।

About Post Author

Share and Enjoy !

Shares

Leave a Reply

Your email address will not be published.