
(ਰਾਜੂ ਸਿੰਗਲਾ) ਸੁਨਾਮ ਊਧਮ ਸਿੰਘ ਵਾਲਾ। ਸੰਤ ਸ਼ਿਰੋਮਣੀ ਇੱਛਾਪੂਰਤੀ ਸ਼੍ਰੀ ਬਾਲਾਜੀ ਚੈਰੀਟੇਬਲ ਟਰੱਸਟ ਸੁਨਾਮ ਵੱਲੋਂ ਮੋਬਾਈਲ ਹਸਪਤਾਲ ਵੈਨ ਰਾਹੀਂ ਮੈਡੀਕਲ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆ ਸ਼੍ਰੀ ਬਾਲਾ ਜੀ ਟਰੱਸਟ ਦੇ ਮੈਂਬਰ ਗੌਰਵ ਜਨਾਲੀਆ ਨੇ ਦੱਸਿਆ ਕਿ ਮੋਬਾਈਲ ਹਸਪਤਾਲ ਵੈਨ ਰਾਹੀਂ ਵੱਖ-ਵੱਖ ਥਾਂਵਾ ਤੇ ਪਹੁੰਚ ਕੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਜ਼ਰੂਰਤਮੰਦ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਇਸ ਲੜੀ ਨੂੰ ਜਾਰੀ ਰੱਖਦੇ ਹੋਏ ਲੋਂਗੋਵਾਲ ਵਿਖੇ 149ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਡਾ. ਪ੍ਰਭਜੋਤ ਸਿੰਘ ਢਿੱਲੋਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਇਲਾਜ ਕੀਤਾ ਗਿਆ। ਡਾ. ਢਿੱਲੋਂ ਨੇ ਬਦਲਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕਰਦਿਆਂ ਕਿਹਾ ਕਿ ਆਪਣੇ ਘਰਾਂ ਕੋਲ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਕਿਉਂਕਿ ਖੜ੍ਹੇ ਪਾਣੀ ਵਿੱਚ ਡੇਂਗੂ ਫੈਲਾਉਣ ਵਾਲੇ ਮੱਛਰ ਪੈਦਾ ਹੋ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਸਵੇਰੇ ਜਾਂ ਸ਼ਾਮ ਸੈਰ ਕਰਨ ਲਈ ਜਾਂਦੇ ਹਨ ਤਾਂ ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨ ਕੇ ਹੀ ਸੈਰ ਕਰਨ ਜਾਣ ਅਤੇ ਨਿੱਕਰ ਪਹਿਨਣ ਤੋਂ ਪਰਹੇਜ਼ ਕਰਨ। ਉਹਨਾਂ ਲੋਕਾ ਨੂੰ ਡੇਂਗੂ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਸਫਾਈ ਰੱਖਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਜਨਾਲੀਆ ਨੇ ਦੱਸਿਆ ਕਿ ਕੈਂਪ ਦੌਰਾਨ ਟਰੱਸਟ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਸੁਨਾਮ ਦੇ ਆਸ-ਪਾਸ ਦੇ ਪਿੰਡਾਂ ਅਤੇ ਝੁੱਗੀ-ਝੌਂਪੜੀਆਂ ਵਿੱਚ ਮੋਬਾਈਲ ਹਸਪਤਾਲ ਵੈਨ ਰਾਹੀਂ ਪਹੁੰਚ ਕੇ ਲੋੜਵੰਦ ਲੋਕਾਂ ਨੂੰ ਮੁਫ਼ਤ ਮੈਡੀਕਲ ਸਹੂਲਤ ਉਪਲਬਧ ਕਰਵਾਈ ਜਾਂਦੀ ਰਹੇਗੀ। ਇਸ ਮੌਕੇ ਚਕਸ਼ੂ, ਸਾਹਿਲ, ਪ੍ਰਨਵ ਸਮੇਤ ਹੋਰ ਮੈਂਬਰ ਮੌਜੂਦ ਸਨ।