
(ਜਗਸੀਰ ਸਿੰਘ) ਲੌਂਗੋਵਾਲ। ਕੌਮੀ ਸੇਵਾ ਯੋਜਨਾ ਇਕਾਈ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਹਿਲਾਂ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅਰੁਣ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਉੱਘੇ ਦੇਸ਼ ਭਗਤ ਸਵਰਗਵਾਸੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਜੈਯੰਤੀ ਦੇ ਮੌਕੇ ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਐਨਐਸਐਸ ਦੇ ਪ੍ਰੋਗਰਾਮ ਅਫਸਰ ਅਤੇ ਸਕੂਲ ਇੰਚਾਰਜ ਪ੍ਰਿੰਸੀਪਲ ਪਰਮਿੰਦਰ ਕੁਮਾਰ ਲੌਂਗਵਾਲ ਦੀ ਦੇਖਰੇਖ ਵਿੱਚ ਆਯੋਜਤ ਇਸ ਵਿਚਾਰ ਚਰਚਾ ਵਿੱਚ ਜਿੱਥੇ ਗਾਂਧੀ ਜੀ ਦੀਆਂ ਸਿੱਖਿਆਵਾਂ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਵੱਲੋਂ ਦੇਸ਼ ਹਿੱਤ ਵਿੱਚ ਕੀਤੇ ਗਏ ਕਾਰਜਾਂ ਤੇ ਵਿਸਥਾਰ ਵਿੱਚ ਚਾਨਣਾ ਪਾਇਆ ਗਿਆ ਉੱਥੇ ਹੀ ਪਰਾਲੀ ਦੇ ਸਾੜਨ ਦੇ ਨਾਲ ਹੋਣ ਵਾਲੇ ਵਾਤਾਵਰਣੀ ਦੁਰਪ੍ਰਭਾਵਾਂ ਤੇ ਵੀ ਚਰਚਾ ਕੀਤੀ ਗਈ। ਵੱਖ ਵੱਖ ਜਮਾਤਾਂ ਦੇ ਵੱਖ-ਵੱਖ ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਦੀ ਸਾਂਝ ਦੌਰਾਨ ਕਿਹਾ ਕਿ ਸਾਨੂੰ ਹਮੇਸ਼ਾ ਹੀ ਮਹਾਤਮਾ ਗਾਂਧੀ ਜੀ ਵੱਲੋਂ ਦਰਸਾਏ ਹੋਏ ਹਿੰਸਾ ਅਤੇ ਸੱਚਾਈ ਦੇ ਰਸਤੇ ਤੇ ਚੱਲ ਕੇ ਚੰਗਾ ਸਮਾਜ ਸਿਰਜਣਾ ਚਾਹੀਦਾ ਹੈ। ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਸਾਨੂੰ ਮੌਜੂਦਾ ਰਾਜਨੀਤੀ ਇੱਕ ਸਿਸਟਮ ਵਿੱਚ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਵਰਗੇ ਇਮਾਨਦਾਰ ਲੀਡਰਾਂ ਅਤੇ ਦੇਸ਼ ਭਗਤਾਂ ਤੋਂ ਵੀ ਸਬਕ ਲੈਣਾ ਚਾਹੀਦਾ ਹੈ ਜਿਨਾਂ ਨੇ ਦੇਸ਼ ਦੇ ਹਿੱਤਾਂ ਨੂੰ ਪਹਿਲ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੈਡਮ ਸੁਖਵਿੰਦਰ ਕੌਰ, ਮੈਡਮ ਮਨਵਿੰਦਰ ਕੌਰ, ਮੈਡਮ ਗਗਨਜੋਤ ਕੌਰ ਨੇ ਇਹ ਵੀ ਕਿਹਾ ਕਿ ਸਾਨੂੰ ਹਮੇਸ਼ਾ ਹੀ ਅਜਿਹੇ ਸਮਰਪਿਤ ਦੇਸ਼ ਭਗਤਾਂ ਦੇ ਜੀਵਨ ਤੋਂ ਸਬਕ ਲੈਣਾ ਚਾਹੀਦਾ ਹੈ ।ਜਿਸ ਤਰ੍ਹਾਂ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਜੀਅ ਤੋੜ ਮਿਹਨਤ ਕੀਤੀ ਸਾਨੂੰ ਵੀ ਆਪਣਾ ਆਲਾ ਦੁਆਲਾ ਸਾਫ ਸੁਥਰਾ ਕਰਨ ਲਈ ਅਤੇ ਚੰਗਾ ਉਸਾਰੂ ਅਗਾਂਹ ਵਧੂ ਸੋਚ ਵਾਲਾ ਸਮਾਜ ਸਿਰਜਣ ਲਈ ਆਪਣੇ ਯਤਨ ਕਰਨੇ ਚਾਹੀਦੇ ਹਨ। ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਸ੍ਰੀ ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ ਨੇ ਸੀ ਲਾਲ ਬਹਾਦਰ ਸ਼ਾਸਤਰੀ ਦੇ ਜੀਵਨ ਨਾਲ ਸੰਬੰਧਿਤ ਕੁਝ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਿਹੜੀਆਂ ਮੌਜੂਦਾ ਸੰਦਰਭ ਵਿੱਚ ਬਹੁਤ ਜਰੂਰੀ ਜਾਪਦੀਆਂ ਹਨ। ਉਹਨਾਂ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਜੇਕਰ ਕਹੀਏ ਕਿ ਸੱਚਮੁੱਚ ਹੀ ਭਾਰਤ ਦਾ ਲਾਲ ਸੀ ਜਿਨਾਂ ਨੇ ਦੇਸ਼ ਨੂੰ ਹਰ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ। ਮੰਚ ਸੰਚਾਲਨ ਕਰਦਿਆਂ ਲੈਕਚਰਾਰ ਕੈਮਿਸਟਰੀ ਲਖਬੀਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਗਾਂਧੀ ਜੈਅੰਤੀ ਅਤੇ ਸ਼ਾਸਤਰੀ ਜੈੰਅੰਤੀ ਦੀ ਵਧਾਈ ਦਿੱਤੀ। ਵਿਚਾਰ ਚਰਚਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਜੇਕਰ ਅੱਜ ਅਸੀਂ ਇਸ ਆਜ਼ਾਦ ਭਾਰਤ ਵਿੱਚ ਪੂਰਨ ਤੌਰ ਤੇ ਆਜ਼ਾਦੀ ਦਾ ਆਨੰਦ ਲੈ ਰਹੇ ਹਾਂ ਤਾਂ ਇਹ ਉਹਨਾਂ ਦੇਸ਼ ਭਗਤਾਂ ਦੀ ਬਦੌਲਤ ਹੀ ਹੈ ਜਿਨਾਂ ਨੇ ਆਪਣਾ ਨਿੱਜ, ਸਵਾਰਥ ਤਿਆਗ ਕੇ ਦੇਸ਼ ਦੇ ਹਿੱਤਾਂ ਨੂੰ ਪਹਿਲ ਦਿੱਤੀ। ਉਹਨਾਂ ਸਮੂਹ ਵਿਦਿਆਰਥੀਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਜ਼ਿੰਦਗੀ ਵਿੱਚ ਹਮੇਸ਼ਾ ਅਹਿੰਸਾ, ਤਿਆਗ ਅਤੇ ਸੱਚਾਈ ਦਾ ਪੱਲਾ ਨਹੀਂ ਛੱਡਣਾ। ਇਹਨਾਂ ਨੂੰ ਜੀਵਨ ਵਿੱਚ ਅਪਣਾ ਕੇ ਵੀ ਤਰੱਕੀਆਂ ਕੀਤੀਆਂ ਜਾ ਸਕਦੀਆਂ ਹਨ ਭਾਵੇਂ ਕਈ ਵਾਰ ਮੌਜੂਦਾ ਸਮੇਂ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਅਸੀਂ ਸੱਚ ਬੋਲ ਕੇ ਇਸ ਸਮਾਜ ਵਿੱਚ ਨਹੀਂ ਵਿਚਰ ਸਕਦੇ ਪਰੰਤੂ ਇਹ ਸਾਡਾ ਭੁਲੇਖਾ ਹੈ ।ਸਾਨੂੰ ਹਮੇਸ਼ਾ ਹੀ ਸੱਚਾਈ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸਕੂਲ ਕੈਂਪਸ ਦੀ ਸਾਫ ਸਫਾਈ ਲੈਕਚਰਾਰ ਗੁਰਦੀਪ ਸਿੰਘ ਅਤੇ ਲੈਕਚਰਾਰ ਰਜੇਸ਼ ਕੁਮਾਰ ਦੀ ਦੇਖਰੇਖ ਵਿੱਚ ਕੀਤੀ ਗਈ। ਇਸ ਮੌਕੇ ਸਹਾਇਕ ਪ੍ਰੋਗਰਾਮ ਅਫਸਰ ਹਰਵਿੰਦਰ ਸਿੰਘ ,ਰਣਜੀਤ ਸਿੰਘ,ਵੰਦਨਾ ਰਾਣੀ,ਸਵਿਤਾ ਵਸ਼ਿਸ਼ਟ, ਕਰਨੈਲ ਸਿੰਘ ਸ਼ਾਸਤਰੀ, ਕੰਚਨ ਸਿੰਗਲਾ, ਅੰਸੂ ਰਾਓ, ਸਵੇਤਾ ਅਗਰਵਾਲ, ਅੰਜਨ ਅੰਜੂ, ਸੁਖਪਾਲ ਕੌਰ ,ਲੈਕਚਰਾਰ ਗੁਰਮੀਤ ਕੌਰ,ਸਮਸੇਰ ਸਿੰਘ,ਸੰਦੀਪ ਸਿੰਘ,ਸਿਮਰਨਜੀਤ ਕੌਰ,ਸੰਜੀਵ ਕੁਮਾਰ, ਮਨਜੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।