ਫਗਵਾੜਾ (ਸ਼ਿਵ ਕੋੜਾ) : ਆਮ ਆਦਮੀ ਪਾਰਟੀ ਐਸ.ਸੀ. ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨਾਲ ਉਹਨਾਂ ਦੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਆਪ ਆਗੂ ਵਿੱਕੀ ਸਿੰਘ, ਗੁਰਦੀਪ ਸਿੰਘ ਤੇ ਜਤਿੰਦਰ ਨਾਹਰ ਵੀ ਉਹਨਾਂ ਦੇ ਨਾਲ ਸਨ। ਸੰਤੋਸ਼ ਕੁਮਾਰ ਗੋਗੀ ਨੇ ਫੂਡ ਸਪਲਾਈ ਮੰਤਰੀ ਨੂੰ ਪੇਂਡੂ ਤੇ ਸ਼ਹਿਰੀ ਇਲਾਕਿਆਂ ‘ਚ ਆਟਾ-ਦਾਲ ਸਕੀਮ ਸਬੰਧੀ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਇਸ ਮੀਟਿੰਗ ਬਾਰੇ ਫਗਵਾੜਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੰਤੋਸ਼ ਕੁਮਾਰ ਗੋਗੀ ਨੇ ਦੱਸਿਆ ਕਿ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਭਰੋਸਾ ਦਿੱਤਾ ਹੈ ਕਿ ਡਿਪੂਆਂ ਉੱਪਰ ਕਣਕ ਸਮੇਂ ਸਿਰ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ। ਸਾਰੇ ਡਿਪੂ ਹੋਲਡਰ ਸਰਕਾਰੀ ਹਦਾਇਤਾਂ ਦੀ ਇੰਨ ਬਿਨ ਪਾਲਣਾ ਕਰਨਗੇ। ਹਰ ਡਿਪੂ ਉੱਪਰ ਮਸ਼ੀਨ ਉਸ ਸਮੇਂ ਤੱਕ ਉਲਲੱਬਧ ਰਹੇਗੀ ਜਦੋਂ ਤਕ ਕਿ ਸਾਰੀਆਂ ਪਰਚੀਆਂ ਨਹੀਂ ਕੱਟੀਆਂ ਜਾਂਦੀਆਂ। ਪਾਰਦਰਸ਼ੀ ਢੰਗ ਨਾਲ ਹਰ ਕਾਰਡ ਧਾਰਕ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਕਣਕ ਦਿੱਤੀ ਜਾਵੇਗੀ। ਜਿਹਨਾਂ ਲੋੜਵੰਦ ਪਰਿਵਾਰਾਂ ਦੇ ਕਿਸੇ ਕਾਰਨ ਹੁਣ ਤੱਕ ਨੀਲੇ ਕਾਰਡ ਨਹੀਂ ਬਣੇ ਉਹਨਾਂ ਦੇ ਕਾਰਡ ਪੰਜਾਬ ਸਰਕਾਰ ਦੀ ਨੀਤੀ ਤਹਿਤ ਜਲਦੀ ਬਣਾਏ ਜਾਣਗੇ। ਸੰਤੋਸ਼ ਕੁਮਾਰ ਗੋਗੀ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੁਣ ਡੋਰ ਟੂ ਡੋਰ ਰਾਸ਼ਨ ਦੀ ਸਪਲਾਈ ਸ਼ੁਰੂ ਕਰਨ ਜਾ ਰਹੀ ਹੈ ਜਿਸ ਨਾਲ ਡਿਪੂਆਂ ਦੀਆਂ ਲਾਈਨਾਂ ਵਿਚ ਸਮਾਂ ਖਰਾਬ ਨਹੀਂ ਕਰਨਾ ਪਵੇਗਾ। ਉਹਨਾਂ ਦੱਸਿਆ ਕਿ ਫੂਡ ਸਪਲਾਈ ਮੰਤਰੀ ਨੇ ਸਮੂਹ ਡਿਪੂ ਹੋਲਡਰਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਕਿਸੇ ਘੜੱਮ ਚੌਧਰੀ ਦੇ ਦਬਾਅ ਹੇਠ ਆਏ ਬਿਨਾਂ ਸਹੀ ਲੋੜਵੰਦ ਨੂੰ ਹੀ ਯੋਜਨਾ ਦਾ ਲਾਭ ਪਹੁੰਚਾਇਆ ਜਾਵੇ ਅਤੇ ਡਿਪੂ ਹੋਲਡਰਾਂ ਨੂੰ ਵੀ ਸਰਕਾਰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣ ਦੇਵੇਗੀ।