ਫਗਵਾੜਾ (ਸ਼ਿਵ ਕੋੜਾ) : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਆਮ ਲੋਕਾਂ ਦੀ ਆਵਾਜ ਨਹੀਂ ਰਹੀ ਬਲਕਿ ਦੰਗਾ ਪਾਰਟੀ ਬਣ ਚੁੱਕੀ ਹੈ। ਇਸ ਪਾਰਟੀ ਨੇ ਪਹਿਲਾਂ ਦਿੱਲੀ ਦੇ ਹਿੰਦੂ-ਮੁਸਲਿਮ ਭਾਈਚਾਰੇ ਵਿਚ ਫੁੱਟ ਪਾਈ ਅਤੇ ਹੁਣ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋਹਰਾ ਬਣਾ ਕੇ ਇੱਥੋਂ ਦੇ ਭਾਈਚਾਰੇ ਵਿਚ ਵੀ ਫੁੱਟ ਪਾਉਣ ਦੀ ਕੋਸ਼ਿਸ ਕਰ ਰਹੇ ਹਨ। ਉਹਨਾਂ ਕਿਹਾ ਕਿ ਸ਼ਹੀਨਬਾਗ ਦੇ ਧਰਨੇ ਦੇ ਸਮੇਂ ਦਿੱਲੀ ‘ਚ ਹੋਏ ਦੰਗਿਆਂ ਦਾ ਮਾਸਟਰ ਮਾੲੀਂਡ ਆਮ ਪਾਰਟੀ ਦਾ ਕੌਂਸਲਰ ਤਾਹਿਰ ਹੁਸੈਨ ਸੀ ਅਤੇ ਹੁਣ ਹਨੁਮਾਨ ਜਯੰਤੀ ਮੌਕੇ ਜਹਾਂਗੀਰਪੁਰੀ ‘ਚ ਹੋਏ ਫਸਾਦ ਦਾ ਮਾਸਟਰ ਮਾੲੀਂਡ ਵੀ ਆਪ ਪਾਰਟੀ ਦਾ ਅੰਸਾਰ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਵਿਚ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਹਰ ਵਰਗ ਨੂੰ 600 ਯੁਨਿਟ ਫਰੀ ਬਿਜਲੀ ਦੇਣ ਦੀ ‘ਗਰੰਟੀ’ ਵੰਡੀ ਪਰ ਹੁਣ ਜਦੋਂ ਸੂਬੇ ਵਿਚ ਆਪ ਦੀ ਸਰਕਾਰ ਬਣ ਗਈ ਤਾਂ ਜਨਰਲ ਕੈਟੇਗਰੀ ਦੇ ਲੋਕਾਂ ਨੂੰ ਕਹਿ ਦਿੱਤਾ ਕਿ 600 ਤੋਂ ਇਕ ਯੁਨਿਟ ਵੀ ਜਿਆਦਾ ਫੂਕਣ ਤੇ ਪੂਰਾ ਬਿਲ ਭਰਨਾ ਪਵੇਗਾ। ਉਹਨਾਂ ਕਿਹਾ ਕਿ ਇਹ ਯੋਜਨਾ ਪੰਜਾਬ ਦੇ ਜਨਰਲ ਵਰਗ ਨੂੰ ਉਕਸਾਉਣ ਦੀ ਕੋਝੀ ਕੋਸ਼ਿਸ ਹੈ ਤਾਂ ਜੋ ਉਹ ਲੋਕ ਸੜਕਾਂ ਉੱਪਰ ਸੰਘਰਸ਼ ਕਰਨ ਤੇ ਫਿਰ ਕੇਜਰੀਵਾਲ ਦਾ ਟੋਲਾ ਪੰਜਾਬ ਦੇ ਐਸ.ਸੀ. ਵਰਗ ਨੂੰ ਭੜਕਾ ਕੇ ਭਾਂਡਾ ਵਿਰੋਧੀ ਧਿਰਾਂ ਸਿਰ ਭੰਨੇਗਾ ਤਾਂ ਜੋ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨਸਭਾ ਚੋਣਾਂ ‘ਚ ਵਰਗ ਵਿਸ਼ੇਸ਼ ਦੀਆਂ ਵੋਟਾਂ ਦਾ ਲਾਭ ਲਿਆ ਜਾ ਸਕੇ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਉੱਪਰ ਤੁਰ ਰਹੀ ਹੈ ਜਿਸਦਾ ਨਤੀਜਾ ਇਸ ਪਾਰਟੀ ਨੂੰ ਕਾਂਗਰਸ ਵਾਂਗੁ ਹੀ ਭੁਗਤਣਾ ਪਵੇਗਾ।