
ਅਸਮਾਨ ‘ਚ ਉਕਰੇ ਗੁਰੂ ਜੀ ਦੇ ਪਵਿੱਤਰ ਸਰੂਪ ਨੂੰ ਦੇਖ ਕੇ ਸੰਗਤਾਂ ਹੋਈਆਂ ਭਾਵੁਕ; ਇੰਝ ਲੱਗਾ ਜਿਵੇਂ ਗੁਰੂ ਸਾਹਿਬ ਖ਼ੁਦ ਸਾਖ਼ਸ਼ਾਤ ਪ੍ਰਗਟ ਹੋਏ ਹੋਣ: ਹਰਜੋਤ ਕੌਰ ਲੋਹਟੀਆਂ*ਪ੍ਰਸਿੱਧ ਗਾਇਕ ਕਲੇਰ ਕੰਠ ਨੇ ਰੂਹਾਨੀ ਸ਼ਬਦਾਂ ਨਾਲ ਸੰਗਤਾਂ ਨੂੰ ਕੀਤਾ ਨਿਹਾਲ; ਗੁਰੂ ਕੇ ਲੰਗਰ ਅਤੁੱਟ ਵਰਤਾਏ ਗ
ਫਿਲੌਰ/ਅੱਪਰਾ(ਦੀਪਾ):
ਧੰਨ-ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪਵਿੱਤਰ ਅਵਤਾਰ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆਂ ਜੀ ਦੇ ਵਿਸ਼ੇਸ਼ ਯਤਨਾਂ ਸਦਕਾ ਫਿਲੌਰ ਸ਼ਹਿਰ ਵਿਖੇ ਇੱਕ ਬੇਹੱਦ ਸ਼ਾਨਦਾਰ, ਇਤਿਹਾਸਕ ਅਤੇ ਅਲੌਕਿਕ ਡਰੋਨ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਰੂਹਾਨੀ ਸਮਾਗਮ ਵਿੱਚ ਸੰਗਤਾਂ ਦਾ ਅਥਾਹ ਸੈਲਾਬ ਉਮੜਿਆ। ਡਰੋਨ ਸ਼ੋਅ ਦੌਰਾਨ ਜਦੋਂ ਰਾਤ ਦੇ ਸਮੇਂ ਅਸਮਾਨ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਸਰੂਪ ਅਤੇ ਉਨ੍ਹਾਂ ਦੇ ਅਮਰ ਸੰਦੇਸ਼ ਰੌਸ਼ਦੀਆਂ ਨਾਲ ਪ੍ਰਗਟ ਹੋਏ, ਤਾਂ ਸਮੁੱਚੀ ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਝੁਕ ਕੇ ਨਮਸਕਾਰ ਕੀਤੀ। ਉਸ ਸਮੇਂ ਅਜਿਹਾ ਪ੍ਰਤੀਤ ਹੋ ਰਿਹਾ ਸੀ ਜਿਵੇਂ ਗੁਰੂ ਸਾਹਿਬ ਆਪ ਸਾਖ਼ਸ਼ਾਤ ਸਮਾਗਮ ਵਿੱਚ ਹਾਜ਼ਰ ਹੋ ਕੇ ਸੰਗਤਾਂ ਨੂੰ ਆਸ਼ੀਰਵਾਦ ਦੇ ਰਹੇ ਹੋਣ।
ਇਸ ਮੌਕੇ ਵਿਸ਼ੇਸ਼ ਕੀਰਤਨ ਦੀਵਾਨ ਵੀ ਸਜਾਏ ਗਏ, ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਕਲੇਰ ਕੰਠ ਨੇ ਗੁਰੂ ਸਾਹਿਬ ਜੀ ਦੀ ਮਹਿਮਾ ਵਿੱਚ ਰੂਹਾਨੀ ਸ਼ਬਦ ਅਤੇ ਧਾਰਮਿਕ ਹੇਕਾਂ ਲਾ ਕੇ ਸੰਗਤਾਂ ਨੂੰ ਮੰਤਰ-ਮੁਗਧ ਅਤੇ ਨਿਹਾਲ ਕੀਤਾ। ਸਮਾਗਮ ਦੌਰਾਨ ਰਾਗੀ-ਢਾਡੀ ਜਥਿਆਂ ਵੱਲੋਂ ਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਅਨਮੋਲ ਉਪਦੇਸ਼ ਸੰਗਤਾਂ ਨਾਲ ਸਾਂਝੇ ਕੀਤੇ ਗਏ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆਂ ਨੇ ਕਿਹਾ ਕਿ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੀਵਨ ਅਤੇ ਬਾਣੀ ਸਮੁੱਚੀ ਮਾਨਵਤਾ ਲਈ ਆਪਸੀ ਭਾਈਚਾਰੇ, ਸਮਾਨਤਾ ਅਤੇ ਪ੍ਰੇਮ ਦਾ ਮਾਰਗਦਰਸ਼ਨ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਏ ਗਏ ਇਹ ਇਤਿਹਾਸਕ ਫੈਸਲੇ ਅਤੇ ਕਦਮ ਗੁਰੂ ਸਾਹਿਬ ਜੀ ਦੀ ਹੀ ਅਪਾਰ ਕ੍ਰਿਪਾ ਅਤੇ ਆਸ਼ੀਰਵਾਦ ਨਾਲ ਸਫਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਸੂਬੇ ਦੇ ਵਿਕਾਸ ਅਤੇ ਲੋਕ ਭਲਾਈ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।
ਇਸ ਇਤਿਹਾਸਕ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ, ਵੱਖ-ਵੱਖ ਵਿੰਗਾਂ ਦੇ ਕੋਆਰਡੀਨੇਟਰਾਂ, ਸ਼ਹਿਰ ਦੇ ਮੋਹਤਬਰ ਐੱਮ.ਸੀ. ਸਾਹਿਬਾਨ ਅਤੇ ਸੰਗਠਨ ਇੰਚਾਰਜ ਵਰਿੰਦਰ ਸਿੰਘ ਸੈਣੀ ਵੱਲੋਂ ਦਿਨ-ਰਾਤ ਇੱਕ ਕਰਕੇ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।
ਸਮਾਗਮ ਵਿੱਚ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ:
ਇਸ ਰੂਹਾਨੀ ਮੌਕੇ ‘ਤੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ, ਮਾਰਕੀਟ ਕਮੇਟੀ ਚੇਅਰਮੈਨ ਰੋਸ਼ਨ ਲਾਲ ਰੋਸ਼ੀ, ਦਿਹਾਤੀ ਜ਼ਿਲ੍ਹਾ ਮੀਡੀਆ ਇੰਚਾਰਜ ਮੇਲਾ ਸਿੰਘ ਰੁੜਕਾ, ਬਲਕਾਰ ਸਿੰਘ ਅੱਪਰਾ, ਸੁਖਦੀਪ ਸਿੰਘ ਅੱਪਰਾ ਪੰਕਜ ਲੋਹਟੀਆਂ, ਪਰਮਜੀਤ ਭਾਰਤੀ, ਐੱਮ.ਸੀ. ਰੋਕਸੀ, ਐੱਮ.ਸੀ. ਮਿਹਰ ਫਿਲੌਰ, ਜਸਵਿੰਦਰ ਕੌਰ, ਅਮਰਜੀਤ ਲੋਟਾ ਹੀਰਾ, ਧਰਮਿੰਦਰ ਲਸਾੜਾ, ਅਮਨ ਚੱਡਾ, ਸੁਮੀਤ ਧੁਮਾਨ, ਵਰੁਣ, ਜਸਬੀਰ ਸਿੰਘ , ਮਨਜੀਤ ਸਿੰਘ, ਬਲਾਕ ਪ੍ਰਧਾਨ ਰਮੇਸ਼ ਪੰਡਿਤ, ਦੀਪਾ ਬੜਾ ਪਿੰਡ, ਅਵਤਾਰ ਸਿੰਘ ਬੀੜ ਬੰਸੀਆਂ, ਅਵਤਾਰ ਸਿੰਘ ਤਾਰੀ, ਤਰਸੇਮ ਸਿੰਘ ਸੰਗਤਪੁਰ ਭੱਟੀ ਨਗਰ, ਸੁਖਵਿੰਦਰ ਸਿੰਘ ਸੁੱਖਾ ਕੋਟ ਗਰੇਵਾਲ, ਪਰਵਿੰਦਰ ਸਿੰਘ ਮਾਹਲ, ਮਨੀ ਸਿੰਘ ਧਾਰੀਵਾਲ, ਰਣਜੀਤ ਸਿੰਘ ਕਾਕੂ, ਪਵਿੱਤਰ ਲਸਾੜਾ, ਰਾਜਵੀਰ ਸੋਢੀ, ਵਪਾਰ ਮੰਡਲ ਚੇਅਰਮੈਨ ਪਲਵਿੰਦਰ ਨੂਰਾ ਗੁਰਵਿੰਦਰ ਨੂਰਾ ਹਲਕਾ ਮੀਡੀਆ ਇੰਚਾਰਜ ਮਨਦੀਪ ਸਿੰਘ ਸ਼ਾਹਪੁਰ ਸਮੇਤ ਭਾਰੀ ਗਿਣਤੀ ਵਿੱਚ ਪਾਰਟੀ ਆਗੂ, ਅਹੁਦੇਦਾਰ, ਵਰਕਰ ਅਤੇ ਸ਼ਰਧਾਲੂ ਸੰਗਤਾਂ ਹਾਜ਼ਰ ਸਨ।