
‘ਬੇਗਮਪੁਰਾ ਦਾ ਸੰਕਲਪ’ ਨਗਰ ਕੀਰਤਨ ਬਰਾਬਰਤਾ, ਮਨੁੱਖੀ ਸਨਮਾਨ ਤੇ ਸਮਾਜਿਕ ਨਿਆਂ ਦਾ ਦੇਵੇਗਾ ਸੁਨੇਹਾ : ਸੰਤ ਜਸਵਿੰਦਰ ਪਾਲ ਸਿੰਘ ਜੀ ਮਹਾਰਾਜ
ਹੁਸ਼ਿਆਰਪੁਰ (ਤਰਸੇਮ ਦੀਵਾਨਾ) — ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਪਮਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਸਜਾਏ ਜਾ ਰਹੇ ਇਤਿਹਾਸਕ ‘ਬੇਗਮਪੁਰਾ ਦਾ ਸੰਕਲਪ’ ਨਗਰ ਕੀਰਤਨ ਨੂੰ ਲੈ ਕੇ ਧਾਰਮਿਕ ਸੰਗਠਨਾਂ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। 24 ਅਤੇ 25 ਅਕਤੂਬਰ ਨੂੰ ਸਜਾਏ ਜਾਣ ਵਾਲੇ ਇਸ ਨਗਰ ਕੀਰਤਨ ਦੀ ਸਫ਼ਲਤਾ ਲਈ ਪ੍ਰਬੰਧਕਾਂ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਸਬੰਧ ਵਿੱਚ ਹੋਈ ਮੀਟਿੰਗ ਦੌਰਾਨ ਦੁਆਬਾ ਖੇਤਰ ਵਿੱਚ ਨਗਰ ਕੀਰਤਨ ਦੇ ਪ੍ਰਚਾਰ-ਪ੍ਰਸਾਰ ਲਈ ਤਿਆਰ ਕੀਤੀ ਗਈ ਸਮੱਗਰੀ ਸੰਤ ਜਸਵਿੰਦਰ ਪਾਲ ਸਿੰਘ ਜੀ ਮਹਾਰਾਜ, ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾਂ ਵੱਲੋਂ ਜਾਰੀ ਕੀਤੀ ਗਈ।
ਇਸ ਮੌਕੇ ਸੰਤ ਜਸਵਿੰਦਰ ਪਾਲ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ਸਮੁੱਚੀ ਮਨੁੱਖਤਾ ਨੂੰ ਸਮਾਨਤਾ, ਭਾਈਚਾਰੇ, ਆਪਸੀ ਸਾਂਝ ਅਤੇ ਸਮਾਜਿਕ ਨਿਆਂ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਗੁਰੂ ਸਾਹਿਬ ਨੇ ਅਜਿਹੇ ਸਮਾਜ ਦੀ ਕਲਪਨਾ ਕੀਤੀ, ਜਿੱਥੇ ਜਾਤ-ਪਾਤ, ਵਿਤਕਰੇ ਅਤੇ ਊਚ-ਨੀਚ ਲਈ ਕੋਈ ਥਾਂ ਨਾ ਹੋਵੇ ਅਤੇ ਹਰੇਕ ਮਨੁੱਖ ਨੂੰ ਬਰਾਬਰ ਦਾ ਸਨਮਾਨ ਮਿਲੇ। ਉਨ੍ਹਾਂ ਕਿਹਾ ਕਿ ‘ਬੇਗਮਪੁਰਾ ਦਾ ਸੰਕਲਪ’ ਨਗਰ ਕੀਰਤਨ ਦਾ ਮੁੱਖ ਉਦੇਸ਼ ਗੁਰੂ ਸਾਹਿਬ ਦੀ ਇਸ ਮਹਾਨ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਜੋੜਨਾ ਹੈ।
ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਧਾਰਮਿਕ ਉਪਰਾਲੇ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਦਿਆਂ ਗੁਰੂ ਸਾਹਿਬ ਦੇ ਬਰਾਬਰਤਾ ਅਤੇ ਮਨੁੱਖੀ ਏਕਤਾ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਸਿਰਫ਼ ਸਮਾਗਮਾਂ ਤੱਕ ਸੀਮਤ ਰੱਖਣ ਦੀ ਬਜਾਏ ਇਸ ਨੂੰ ਆਪਣੇ ਜੀਵਨ ਅਤੇ ਸਮਾਜਿਕ ਵਿਹਾਰ ਦਾ ਹਿੱਸਾ ਬਣਾਉਣਾ ਸਮੇਂ ਦੀ ਲੋੜ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ 24 ਅਕਤੂਬਰ ਦੀ ਸ਼ਾਮ ਨੂੰ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾਂ ਵਿਖੇ ਪਹੁੰਚੇਗਾ। ਇੱਥੇ ਡੇਰਾ ਪੰਡਵਾਂ ਦੇ ਗੱਦੀਨਸ਼ੀਨ 108 ਸੰਤ ਬਾਬਾ ਹੰਸ ਰਾਜ ਜੀ ਮਹਾਰਾਜ ਦੇ ਅਸਥਾਨ ’ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਦੋ ਘੰਟੇ ਦਾ ਧਾਰਮਿਕ ਦੀਵਾਨ ਵੀ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਸਵਾਗਤ ਅਤੇ ਸੰਗਤਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਨਗਰ ਕੀਰਤਨ ਦੇ ਦੁਆਬਾ ਖੇਤਰ ਦੇ ਇੰਚਾਰਜ ਤਰਸੇਮ ਲਾਲ ਚੁੰਬਰ ਨੇ ਕਿਹਾ ਕਿ ਪਿੰਡ ਪਮਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਇਆ ਜਾ ਰਿਹਾ ਇਹ ਨਗਰ ਕੀਰਤਨ ਸੰਗਤਾਂ ਲਈ ਸ਼ਰਧਾ, ਮਾਣ ਅਤੇ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰੇ ਦੇ ਸੰਕਲਪ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਸਮਾਜ ਵਿੱਚੋਂ ਜਾਤੀਵਾਦ, ਭੇਦਭਾਵ ਅਤੇ ਸਮਾਜਿਕ ਅਸਮਾਨਤਾ ਨੂੰ ਖ਼ਤਮ ਕਰਨ ਦੀ ਪ੍ਰੇਰਨਾ ਵੀ ਦੇਵੇਗਾ।
ਉਨ੍ਹਾਂ ਧਾਰਮਿਕ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੇਵਾਦਾਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਇਤਿਹਾਸਕ ਨਗਰ ਕੀਰਤਨ ਦੀ ਸਫ਼ਲਤਾ ਲਈ ਆਪਣਾ ਯੋਗਦਾਨ ਪਾਉਣ ਅਤੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ।
ਇਸ ਮੌਕੇ ਬਲਦੇਵ ਸਿੰਘ, ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਮਾਲੀ, ਬਲਬੀਰ ਸਿੰਘ ਖਾਲਸਾ, ਜਸਵੀਰ ਸਿੰਘ ਪਮਾਲੀ ਸਾਬਕਾ ਮੈਂਬਰ ਰੇਲਵੇ ਬੋਰਡ, ਅਵਤਾਰ ਸਿੰਘ ਪਮਾਲੀ ਸਾਬਕਾ ਖੇਤੀਬਾੜੀ ਅਫ਼ਸਰ, ਹਰਪਾਲ ਸਿੰਘ ਸਾਬਕਾ ਪੰਚ, ਸੂਬੇਦਾਰ ਨਰਪਾਲ ਸਿੰਘ, ਸੁਖਵਿੰਦਰ ਸਿੰਘ ਖਾਲਸਾ ਅਤੇ ਹਰਬੰਸ ਸਿੰਘ ਖਾਲਸਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।