– ਵਿਰਸੇ ਨਾਲ ਜੁਡਣ ਅਤੇ ਰਹਿਬਰਾਂ ਦਾ ਮਿਸ਼ਨ ਅਪਣਾਉਣ ਦਾ ਹੋਕਾ
(ਕੁਲਦੀਪ ਗਹਿਲ ਮਜਾਰੀ//ਚੈਕ ਪੋਸਟ) ਮੁਕੱਦਪੁਰ।‘ਵਿਸਾਖੀ ਮੁਬਾਰਕ’ ਸਮਾਗਮ ਵਿੱਚ ਬੰਗਾ ਹਲਕੇ ਨਾਲ ਸਬੰਧਤ ਛੇ ਪੰਜਾਬੀ ਗਾਇਕਾਂ ਦਾ ਸਨਮਾਨ ਕੀਤਾ ਗਿਆ। ਇਹ ਸਮਾਗਮ ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਕਰਵਾਇਆ ਗਿਆ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਮੋਹਣ ਮਾਹੀ, ਅਮਰਜੀਤ ਚਮਕੀਲਾ, ਜੀਤ ਬਾਹਡੋਵਾਲੀਆ, ਰਮਜ਼ਾਨਾ ਹੀਰ ਅਤੇ ਗਾਇਕ ਜੋਡੀ ਬਲਜਿੰਦਰ ਗੁਰੂ/ਜਸਵੀਰ ਕੌਰ ਸ਼ਾਮਲ ਸਨ। ਇਹ ਸਨਮਾਨ ਰਸਮ ਡਾ. ਬਖਸ਼ੀਸ਼ ਸਿੰਘ, ਕਰਨ ਹਸਪਤਾਲ ਬੰਗਾ ਅਤੇ ਸੰਸਥਾ ਦੇ ਪ੍ਰਧਾਨ ਹਰਮਿੰਦਰ ਸਿੰਘ ਤਲਵੰਡੀ ਵਲੋਂ ਨਿਭਾਈ ਗਈ। ਉਹਨਾਂ ਵਿਚਾਰ ਸਾਂਝੇ ਕਰਦਿਆਂ ਲੋਕਾਂ ਨੂੰ ਆਪਣੇ ਵਿਰਸੇ ਅਤੇ ਰਹਿਬਰਾਂ ਦੇ ਮਿਸ਼ਨ ਨਾਲ ਜੁਡੇ ਰਹਿਣ ਦੀ ਅਪੀਲ ਕੀਤੀ। ਉਹਨਾਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਖਾਲਸਾ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਅੱਜ ਦੇ ਦਿਨ ਨੂੰ ਸਮਾਜ ਲਈ ਵੱਡੀ ਪ੍ਰੇਰਨਾ ਪੈਦਾ ਕਰਨ ਵਾਲਾ ਦੱਸਿਆ। ਇਸ ਮੌਕੇ ਦਵਿੰਦਰ ਬੇਗ਼ਮਪੁਰੀ ਮੀਤ ਪ੍ਰਧਾਨ ਪਟਵਾਰ ਯੂਨੀਅਨ ਪੰਜਾਬ, ਸੁਰਜੀਤ ਮਜਾਰੀ ਸਕੱਤਰ ਨਵਜੋਤ ਸਾਹਿਤ ਸੰਸਥਾ ਔਡ ਅਤੇ ਲਾਇਨਜ਼ ਸਤਪਾਲ ਮੰਡੇਰ ਲਾਇਨ ਕਲੱਬ ਮੁਕੰਦਪੁਰ, ਗਗਨਦੀਪ ਗਰਚਾ ਗਰਚਾ ਮਿਊਜ਼ਕ ਅਕੈਡਮੀ ਬੰਗਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਸਮੂਹ ਗਾਇਕਾਂ ਨੇ ਆਪੋ ਆਪਣੇ ਪ੍ਰਸਿੱਧ ਗੀਤ ਗਾ ਕੇ ਖੂਬ ਰੰਗ ਬੰਨਿਆਂ।