
(ਕਰਮਵੀਰ ਸਿੰਘ) ਗੁਰਾਇਆ।
ਨਸ਼ਾ ਵਿਰੋਧੀ ਫਰੰਟ, ਰੁੜਕਾ ਕਲਾਂ ਵੱਲੋਂ ਇਲਾਕੇ ਦੀਆਂ ਪੰਚਾਇਤਾਂ, ਪ੍ਰੈੱਸ, ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਇਕੱਠਿਆਂ ਕਰਕੇ ਸੰਧੂ ਪੈਲੇਸ ਰੁੜਕਾ ਕਲਾਂ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਨਸ਼ੇ ਦੇ ਸੌਦਾਗਰਾਂ ਨੂੰ ਨਸ਼ਾ ਮੁਕੰਮਲ ਤੌਰ ‘ਤੇ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ। ਨਸ਼ੇ ਦੇ ਸਮੱਗਲਰਾਂ ਨੂੰ ਫੜਣ ਲਈ ਪਿੰਡ ਵਿੱਚ ਨਸ਼ਾ ਵਿਰੋਧੀ ਯੂਥ ਬਿ੍ਰਗੇਡ ਦਾ ਵੀ ਨਿਰਮਾਣ ਕਤਿਾ ਗਿਆ। ਉੱਘੇ ਪੱਤਰਕਾਰ ਪਰਮਵੀਰ ਸਿੰਘ ਬਾਠ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਰੁੜਕਾ ਕਲਾਂ ਅਤੇ ਇਹ ਸਾਰਾ ਇਲਾਕਾ ਗਦਰੀ ਬਾਬਿਆਂ ਦਾ ਇਲਾਕਾ ਹੈ, ਇਹੋ ਜਿਹੇ ਇਲਾਕੇ ਵਿੱਚ ਨਸ਼ਿਆਂ ਦਾ ਵਧਣਾ ਮੰਦਭਾਗੀ ਗੱਲ ਹੈ। ਇਸ ਕੋਹੜ ਨੂੰ ਜੜੋਂ ਖਤਮ ਕਰਕੇ ਹੀ ਦੇਸ਼ ਭਗਤਾਂ ਅਤੇ ਗਦਰੀ ਬਾਬਿਆਂ ਨੂੰ ਸੱਚੀ ਸਰਧਾਂਜ਼ਲੀ ਦਿੱਤੀ ਜਾ ਸਕਦੀ ਹੈ। ਨਸ਼ਾ ਵਿਰੋਧੀ ਯੂਥ ਬਿ੍ਰਗੇਡ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਨਾਂ ਨੇ ਕਿਹਾ ਕਿ ਇਹ ਸਾਡੇ ਅਸਲੀ ਹੀਰੋ ਹਨ ਅਤੇ ਜੋ ਤੁਸੀਂ ਪਿਰਤ ਪਾਈ ਹੈ ਇਸਤੋਂ ਪੂਰਾ ਪੰਜਾਬ ਪ੍ਰੇਰਣਾ ਲਵੇਗਾ।ਡਾਕਟਰਾਂ ਦੀ ਟੀਮ ਵੱਲੋਂ ਡਾ. ਜੇ.ਪੀ. ਸਿੰਘ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੀ ਯਤਨਸ਼ੀਲ ਹੈ ਅਤੇ ਨਸ਼ਾ ਵਿਰੋਧੀ ਫਰੰਟ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਨਸ਼ੇ ਵਿੱਚ ਗ੍ਰਸਤ ਨੌਜਵਾਨਾਂ ਦੇ ਇਲਾਜ ਲਈ ਸਿਹਤ ਵਿਭਾਗ ਨਸ਼ਾ ਵਿਰੋਧੀ ਫਰੰਟ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ। ਪੁਲਿਸ ਵੱਲੋਂ ਐਸ.ਐਚ.ਓ. ਗੁਰਾਇਆ ਹਰਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਆਮ ਲੋਕ ਇਸ ਭੈਵੀ ਅਲਾਮਤ ਦੇ ਖਿਲਾਫ ਉੱਠ ਖੜੇ ਹੋਏ ਹਨ ਤਾਂ ਇਸ ਨਾਲ ਪੁਲਿਸ ਨੂੰ ਨਸ਼ਾ ਖਤਮ ਕਰਨ ਲਈ ਭਾਰੀ ਉਤਸ਼ਾਹ ਮਿਲਿਆ ਹੈ। ਉਨਾਂ ਨੇ ਯੂਥ ਬਿ੍ਰਗੇਡ ਨੂੰ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਨ ਤਾਂ ਜੋ ਉਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾ ਸਕਣ। ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਪਿੰਡ ਤੇ ਇਲਾਕਾ ਨਿਵਾਸੀ, ਇਲਾਕੇ ਦੀਆਂ ਗ੍ਰਾਮ ਪੰਚਾਇਤਾਂ ਜੰਡਿਆਲਾ, ਬੁੰਡਾਲਾ, ਕਾਹਨਾਂ ਢੇਸੀਆਂ, ਮੁਠੱਡਾ ਕਲਾਂ, ਭਾਰਦਵਾਜੀਆਂ, ਧਨੀ ਪਿੰਡ, ਰਾਜਗੋਮਾਲ, ਪਾਸਲਾ, ਲਾਂਗੜੀਆਂ, ਰੰਧਾਵਾ, ਘੁੜਕਾ, ਸਰਹਾਲੀ ਆਦਿ ਸ਼ਾਮਿਲ ਸਨ।