ਮੀਨੋਪੌਜ਼ ਬਿਮਾਰੀ ਨਹੀਂ, ਜੀਵਨ ਦਾ ਕੁਦਰਤੀ ਪੜਾਅ: ਚੁੱਪ ਨਹੀਂ, ਖੁੱਲ੍ਹ ਕੇ ਗੱਲ ਕਰੋ: ਸਿਵਲ ਸਰਜਨ ਡਾ. ਅਮਨ ਸੂਦ – ਸਹੀ ਜਾਣਕਾਰੀ ਅਤੇ ਸਿਹਤਮੰਦ ਜੀਵਨਸ਼ੈਲੀ ਨਾਲ ਮੀਨੋਪੌਜ਼ ਦਾ ਬਿਹਤਰ ਪ੍ਰਬੰਧਨ ਸੰਭਵ – ਔਰਤਾਂ ਨੂੰ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਸਮੇਂ ਸਿਰ ਮਾਹਿਰ ਡਾਕਟਰ ਦੀ ਸਲਾਹ ਲੈਣ ਦੀ ਅਪੀਲ

Share and Enjoy !

Shares

ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ ) ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਅਮਨ ਸੂਦ ਨੇ ਵਿਸ਼ਵ ਮੀਨੋਪੌਜ਼ ਦਿਵਸ ਮੌਕੇ ਜ਼ਿਲ੍ਹੇ ਦੀਆਂ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਮੀਨੋਪੌਜ਼ (ਰਜੋਨਿਵ੍ਰਿਤੀ) ਦੌਰਾਨ ਹੋਣ ਵਾਲੀਆਂ ਸਰੀਰਕ ਤੇ ਮਾਨਸਿਕ ਤਬਦੀਲੀਆਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ।
ਉਨ੍ਹਾਂ ਦੱਸਿਆ ਕਿ ਮੀਨੋਪੌਜ਼ ਕੋਈ ਬਿਮਾਰੀ ਨਹੀਂ, ਸਗੋਂ ਹਰ ਔਰਤ ਦੇ ਜੀਵਨ ਦਾ ਕੁਦਰਤੀ ਪੜਾਅ ਹੈ, ਜੋ ਆਮ ਤੌਰ ’ਤੇ 45 ਤੋਂ 55 ਸਾਲ ਦੀ ਉਮਰ ਵਿੱਚ ਆਉਂਦਾ ਹੈ। ਲਗਾਤਾਰ 12 ਮਹੀਨੇ ਮਾਹਵਾਰੀ ਨਾ ਆਉਣ ’ਤੇ ਮੀਨੋਪੌਜ਼ ਮੰਨਿਆ ਜਾਂਦਾ ਹੈ। ਇਸ ਦੌਰਾਨ ਹਾਰਮੋਨਲ ਤਬਦੀਲੀਆਂ ਕਾਰਨ ਅਚਾਨਕ ਗਰਮੀ ਚੜ੍ਹਨੀ, ਰਾਤ ਨੂੰ ਪਸੀਨਾ ਆਉਣਾ, ਨੀਂਦ ਵਿੱਚ ਵਿਘਨ, ਥਕਾਵਟ, ਮੂਡ ਵਿੱਚ ਤਬਦੀਲੀ, ਚਿੜਚਿੜਾਪਣ, ਚਿੰਤਾ ਜਾਂ ਉਦਾਸੀ, ਜਣਨ ਅੰਗਾਂ ਵਿੱਚ ਖੁਸ਼ਕੀ ਅਤੇ ਜੋੜਾਂ ਤੇ ਮਾਸਪੇਸ਼ੀਆਂ ਵਿੱਚ ਦਰਦ ਵਰਗੇ ਲੱਛਣ ਸਾਹਮਣੇ ਆ ਸਕਦੇ ਹਨ।
ਸਿਵਲ ਸਰਜਨ ਨੇ ਕਿਹਾ ਕਿ ਹਰ ਔਰਤ ਵਿੱਚ ਲੱਛਣਾਂ ਦੀ ਤੀਬਰਤਾ ਵੱਖਰੀ ਹੋ ਸਕਦੀ ਹੈ। ਮੀਨੋਪੌਜ਼ ਤੋਂ ਬਾਅਦ ਸਰੀਰ ਵਿੱਚ ਐਸਟ੍ਰੋਜਨ ਹਾਰਮੋਨ ਘਟਣ ਨਾਲ ਹੱਡੀਆਂ ਕਮਜ਼ੋਰ ਹੋਣ (ਓਸਟੀਓਪੋਰੋਸਿਸ) ਅਤੇ ਦਿਲ ਦੇ ਰੋਗਾਂ ਦਾ ਖ਼ਤਰਾ ਵਧ ਸਕਦਾ ਹੈ, ਇਸ ਲਈ ਇਸ ਪੜਾਅ ’ਤੇ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੱਡੀਆਂ ਦੀ ਜਾਂਚ ਸਮੇਂ-ਸਮੇਂ ’ਤੇ ਕਰਵਾਉਣੀ ਜ਼ਰੂਰੀ ਹੈ।
ਉਨ੍ਹਾਂ ਸਿਹਤਮੰਦ ਜੀਵਨਸ਼ੈਲੀ ਬਾਰੇ ਸਲਾਹ ਦਿੰਦਿਆਂ ਕਿਹਾ ਕਿ ਕੈਲਸ਼ੀਅਮ ਅਤੇ ਪ੍ਰੋਟੀਨ ਭਰਪੂਰ ਸੰਤੁਲਿਤ ਖੁਰਾਕ, ਮੌਸਮੀ ਫਲ ਤੇ ਹਰੀਆਂ ਸਬਜ਼ੀਆਂ ਦੀ ਵਰਤੋਂ, ਲੋੜ ਅਨੁਸਾਰ ਵਿਟਾਮਿਨ ਡੀ ਦੀ ਪੂਰਤੀ, ਰੋਜ਼ਾਨਾ ਘੱਟੋ-ਘੱਟ 30 ਮਿੰਟ ਸੈਰ ਜਾਂ ਕਸਰਤ, ਪੂਰੀ ਨੀਂਦ ਅਤੇ ਤਣਾਅ ਘਟਾਉਣ ਲਈ ਯੋਗਾ ਅਪਣਾਉਣਾ ਲਾਭਦਾਇਕ ਹੈ। ਇਸ ਦੇ ਨਾਲ ਹੀ ਤੰਬਾਕੂ ਅਤੇ ਸ਼ਰਾਬ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਹਾਰਮੋਨਲ ਦਵਾਈ ਜਾਂ ਸਪਲੀਮੈਂਟ ਡਾਕਟਰੀ ਸਲਾਹ ਤੋਂ ਬਿਨਾਂ ਨਹੀਂ ਲੈਣਾ ਚਾਹੀਦਾ।
ਡਾ. ਸੂਦ ਨੇ ਕਿਹਾ ਕਿ ਜੇਕਰ ਲੱਛਣ ਰੋਜ਼ਾਨਾ ਜੀਵਨ, ਨੀਂਦ ਜਾਂ ਕੰਮਕਾਜ ਨੂੰ ਪ੍ਰਭਾਵਿਤ ਕਰਨ, ਲਗਾਤਾਰ ਉਦਾਸੀ ਜਾਂ ਘਬਰਾਹਟ ਰਹੇ, ਮਾਹਵਾਰੀ ਦੇ ਬਹੁਤ ਜ਼ਿਆਦਾ ਜਾਂ ਬੇਨਿਯਮੀ ਨਾਲ ਖੂਨ ਪੈਣ ਜਾਂ ਮੀਨੋਪੌਜ਼ ਤੋਂ ਬਾਅਦ ਦੁਬਾਰਾ ਖੂਨ ਆਉਣ ਦੀ ਸਥਿਤੀ ਬਣੇ ਤਾਂ ਬਿਨਾਂ ਦੇਰੀ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਉਨ੍ਹਾਂ ਔਰਤਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਮੀਨੋਪੌਜ਼ ਬਾਰੇ ਸਮਾਜ ਵਿੱਚ ਮੌਜੂਦ ਝਿਜਕ ਅਤੇ ਗ਼ਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਖੁੱਲ੍ਹ ਕੇ ਗੱਲਬਾਤ ਕੀਤੀ ਜਾਵੇ, ਘਰ ਵਿੱਚ ਔਰਤਾਂ ਨੂੰ ਭਾਵਨਾਤਮਕ ਸਹਿਯੋਗ ਦਿੱਤਾ ਜਾਵੇ ਅਤੇ ਲੋੜ ਪੈਣ ’ਤੇ ਨੇੜਲੀ ਸਰਕਾਰੀ ਸਿਹਤ ਸੰਸਥਾ ਵਿੱਚ ਡਾਕਟਰੀ ਸਲਾਹ ਲਈ ਜਾਵੇ।
ਸਿਵਲ ਸਰਜਨ ਨੇ ਕਿਹਾ, “ਸਹੀ ਜਾਣਕਾਰੀ, ਸਮੇਂ ਸਿਰ ਸਲਾਹ ਅਤੇ ਸਿਹਤਮੰਦ ਜੀਵਨਸ਼ੈਲੀ ਨਾਲ ਇਸ ਪੜਾਅ ਦੌਰਾਨ ਵੀ ਜੀਵਨ ਦੀ ਗੁਣਵੱਤਾ ਬਿਹਤਰ ਬਣਾਈ ਰੱਖੀ ਜਾ ਸਕਦੀ ਹੈ।”

About Post Author

Share and Enjoy !

Shares

Leave a Reply

Your email address will not be published.