
ਜਲੰਧਰ : ਮਿੱੱਡ-ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਜਲੰਧਰ ਦੀ ਹੰਗਾਮੀ ਮੀਟਿੰਗ ਸਿਮਰਨ ਕੌਰ ਪਾਸਲਾ ਦੀ ਅਗਵਾਈ ਵਿੱਚ ਜਲੰਧਰ ਵਿਖੇ ਹੋਈ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਪ੍ਰਧਾਨ ਜਸਵਿੰਦਰ ਕੌਰ ਟਾਹਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿੱਡ-ਡੇ-ਮੀਲ ਵਰਕਰਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਰੈਗੂਲਰ ਕਰਨ ਸਮੇਂ ਤੱਕ ਘੱਟੋ- ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ 18000/-ਰੁਪਏ ਮਹੀਨਾ ਮਿਹਨਤਾਨਾ ਦਿੱਤਾ ਜਾਵੇ, ਜਦੋਂ ਤੱਕ ਘੱਟੋ ਘੱਟ ਉਜਰਤ ਦਾ ਨਿਯਮ ਲਾਗੂ ਨਹੀਂ ਹੁੰਦਾ, ਉਦੋਂ ਤੱਕ ਗੁਆਂਢੀ ਸੂਬੇ ਹਰਿਆਣਾ ਪੈਟਰਨ ਤੇ ਵਰਕਰਾਂ ਨੂੰ 7000/-ਰੁਪਏ ਮਹੀਨਾ ਮਿਹਨਤਾਨਾ ਤੁਰੰਤ ਦਿੱਤਾ ਜਾਵੇ,ਹਰ ਸਕੂਲ ਵਿੱਚ 25 ਬੱਚਿਆਂ ਤੱਕ ਘੱਟੋ-ਘੱਟ ਦੋ ਵਰਕਰਾਂ ਰੱਖੀਆਂ ਜਾਣ,ਸਾਲ ਦੌਰਾਨ ਗਰਮ ਅਤੇ ਠੰਢੀ ਦੋ ਵਰਦੀਆਂ ਦਿੱਤੀਆਂ ਜਾਣ,ਹਰ ਵਰਕਰ ਦਾ ਘੱਟੋ ਘੱਟ ਪੰਜ ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ,ਮਿੱਡ-ਡੇ-ਮੀਲ ਵਰਕਰਾਂ ਦੇ ਪਛਾਣ ਕਾਰਡ ਜਾਰੀ ਕੀਤੇ ਜਾਣ ਅਤੇ ਸਰਵਿਸ ਬੁੱਕਾਂ ਲਗਾਈਆਂ ਜਾਣ ਅਤੇ ਜੀ ਆਈ ਐੱਸ,ਜੀ ਪੀ ਐੱਫ ਜਾਂ ਸੀ ਪੀ ਐੱਫ ਕੱਟਿਆ ਜਾਵੇ, ਵਰਕਰਾਂ ਤੋਂ ਖਾਣਾ ਬਣਾਉਣ ਅਤੇ ਬੱਚਿਆਂ ਨੂੰ ਖਵਾਉਂਣ ਤੋਂ ਬਿਨਾ ਜ਼ਬਰੀ ਹੋਰ ਕੰਮ ਲੈਣੇ ਬੰਦ ਕੀਤੇ ਜਾਣ ਆਦਿ ਮੰਗਾਂ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਤੁਰੰਤ ਬਣਦੀ ਯੋਗ ਕਾਰਵਾਈ ਕਰੇ ਅਤੇ ਮੰਗਾਂ ਨੂੰ ਲਾਗੂ ਕਰਕੇ ਮਿੱਡ-ਡੇ-ਮੀਲ ਵਰਕਰਾਂ ਦਾ ਹਰ ਪ੍ਰਕਾਰ ਦਾ ਸ਼ੋਸਣ ਬੰਦ ਕੀਤਾ ਜਾਵੇ। ਇਸ ਸਮੇਂ ਜ਼ਿਲ੍ਹੇ ਦੀ ਜਥੇਬੰਦਕ ਵਿਵਸਥਾ ਤੇ ਵਿਚਾਰ ਚਰਚਾ ਕਰਦਿਆਂ ਜ਼ਿਲ੍ਹੇ ਦੀਆਂ ਸਮੂਹ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਦੀਆਂ ਬਲਾਕ ਆਗੂਆਂ ਨੂੰ ਸੱਦਾ ਦਿੱਤਾ ਕਿ 11 ਤੋਂ 31 ਜੁਲਾਈ ਤੱਕ ਆਪਣੇ-ਆਪਣੇ ਬਲਾਕ ਦੀਆਂ ਮਿੱਡ-ਡੇ-ਮੀਲ ਵਰਕਰਾਂ ਦੀਆਂ ਵਿਸ਼ਾਲ ਮੀਟਿੰਗਾਂ ਕਰਕੇ ਜਥੇਬੰਦੀ ਦੀ ਤਾਕਤ ਨੂੰ ਵਧਾਇਆ ਜਾਵੇ ਅਤੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਭਵਿੱਖ ਵਿੱਚ ਹੋਣ ਵਾਲੇ ਸ਼ੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਲਈ ਹਰ ਸਮੇਂ ਤਿਆਰ ਰਿਹਾ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਲਖਵਿੰਦਰ ਕੌਰ ਸੁੰਨੜਾ, ਕਸ਼ਮੀਰ ਕੌਰ ਢੇਸੀ,ਰਾਣੀ ਤੱਗੜ, ਜਸਵੀਰ ਕੌਰ ਬੁੰਡਾਲਾ, ਦਲਵੀਰ ਕੌਰ ਰੁੜਕਾ,ਕ੍ਰਿਸ਼ਨਾ ਭੁੱਲੋਵਾਲ, ਕੁਲਵਿੰਦਰ ਰੁੜਕਾ, ਸੁਰਿੰਦਰ ਕੌਰ ਮਿਠੜਾ, ਸੰਤੋਸ਼ ਕੁਮਾਰੀ ਬੰਡਾਲਾ , ਕਰਮਜੀਤਕੌਰ ਵਘੇਲਾ, ਸੁਖਵਿੰਦਰ ਕੌਰ , ਜਸਵੀਰ ਸੁੰਨੜ ਆਦਿ ਹਾਜ਼ਰ ਰਹੇ। ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਅਤੇ ਪ.ਸ.ਸ.ਫ.ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਵੀ ਸ਼ਾਮਲ ਹੋਏ।