
– ਨਾਮੀ ਜੱਥਿਆਂ ਨੇ ਗੁਰੂ ਜਸ ਸੁਣਾ ਸੰਗਤ ਨੂੰ ਕੀਤਾ ਨਿਹਾਲ
(ਸੁਰਿੰਦਰ ਸਿੰਘ ਸਿੱਧੂ) ਤਰਨਤਾਰਨ। ਇਥੋਂ ਦੇ ਮਸ਼ਹੂਰ ਪਿੰਡ ਜੌਹਲ ਰਾਜੂ ਸਿੰਘ ਵਾਲਾ ’ਚ ਸੁਸ਼ੋਭਿਤ ਸੁੰਦਰ ਗੁਰਦੁਆਰਾ ਧੰਨ-ਧੰਨ ਬਾਬਾ ਦਰਵੇਸ਼ ਜੀ ਵਿਖੇ ਬਾਬਾ ਦਰਵੇਸ਼ ਜੀ ਦਾ ਸਾਲਾਨਾ ਦੋ ਰੋਜ਼ਾ ਧਾਰਮਿਕ ਜੋੜ ਮੇਲਾ ਹਰ ਸਾਲ ਦੀ ਤਰਾਂ ਇਸ ਵਾਰ ਵੀ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਤੇ ਇਲਾਕੇ ਦੀ ਸਮੂਹ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਗੁਰਭੇਜ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਸੈਕਟਰੀ, ਬਲਜੀਤ ਸਿੰਘ, ਮਨਜਿੰਦਰ ਸਿੰਘ, ਨਿਰਮਲ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਸਿੰਘ, ਹਰਦੀਪ ਸਿੰਘ, ਬਲਜੀਤ ਸਿੰਘ ਆਦਿ ਨੇ ਸਾਂਝੇ ਤੌਰ ਤੇ ਦੱਸਿਆ ਕਿ ਜੋੜ ਮੇਲੇ ਸਬੰਧੀ ਗੁਰਦੁਆਰਾ ਸਾਹਿਬ ‘ਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਸੁੰਦਰ ਸਜਾਈ ਸਟੇਜ ’ਤੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਦੇ ਮਹਾਨ ਢਾਡੀ, ਕਵੀਸ਼ਰ ਜਥੇ ਜਿਨਾਂ ’ਚ ਜੋਗਾ ਸਿੰਘ ਭਾਗੋਵਾਲੀਆ ਕਵੀਸ਼ਰ, ਭਾਈ ਗੁਰਭੇਜ ਸਿੰਘ ਚਵਿੰਡਾ ਢਾਡੀ, ਭਾਈ ਗੁਰਭੇਜ ਸਿੰਘ ਜੌਹਲ ਕਵੀਸ਼ਰ ਆਦਿ ਦੇ ਜੱਥਿਆਂ ਨੇ ਪੰਡਾਲ ਵਿਚ ਜੁੜ ਬੈਠੀ ਸੰਗਤ ਨੂੰ ਸਿੱਖ ਕੌਮ ਦਾ ਵਿਰਾਸਤਮਈ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਬਾਬਾ ਸੋਨੂੰ ਸ੍ਰੀ ਗੋਇੰਦਵਾਲ ਸਾਹਿਬ (ਸੰਪਰਦਾ ਬਾਬਾ ਤਾਰਾ ਸਿੰਘ ਜਥੇ. ਬਾਬਾ ਘੋਲਾ ) ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਪ੍ਰਬੰਧਕਾਂ ਨੇ ਸਾਰੇ ਜਥਿਆਂ ਸਮੇਤ ਪ੍ਰਮੁੱਖ ਸਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਮਾਗਮ ਵਿਚ ਬਾਬਾ ਜੋਗਾ ਸਿੰਘ ਕਾਰ ਸੇਵਾ ਤਰਨਤਾਰਨ ਅਤੇ ਬਾਬਾ ਸੂਬਾ ਸਿੰਘ ਕੁਹਾੜਕੇ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਹਾਜਰੀ ਭਰੀ। ਸਮਾਗਮ ਦੌਰਾਨ ਗੁਰੂ ਕਾ ਲੰਗਰ, ਠੰਢੇ ਮਿੱਠੇ ਜਲ ਅਤੇ ਅਨੇਕ ਪ੍ਰਕਾਰ ਦੀਆਂ ਮਠਿਆਈਆਂ ਦੇ ਪ੍ਰਸ਼ਾਦ ਦੋਵੇਂ ਦਿਨ ਅਤੁੱਟ ਵਰਤਾਏ ਗਏ। ਮੇਲਾ ਪ੍ਰਬੰਧਕ ਸੇਵਾਦਾਰਾਂ ਨੇ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਣਜੀਤ ਸਿੰਘ ਸਾਬਕਾ ਪ੍ਰਧਾਨ, ਪ੍ਰਗਟ ਸਿੰਘ ਸਾਬਕਾ ਸਰਪੰਚ, ਜਥੇ. ਗੁਰਨਾਮ ਸਿੰਘ ਅਤੇ ਵੀਰੂ ਹਲਵਾਈ ਸਮੇਤ ਹੋਰਨਾਂ ਸੇਵਾਦਾਰਾਂ ਨੇ ਆਪਣੀ ਸੇਵਾ ਡਿਊਟੀ ਤਨਦੇਹੀ ਨਾਲ ਨਿਭਾਈ।