
– 6.12 ਕਰੋੜ ਰੁਪਏ ਦੀ ਲਾਗਤ ਨਾਲ ਤਕਨਾਲੋਜੀ ਨੂੰ ਕੀਤਾ ਜਾਵੇਗਾ ਅਪਗ੍ਰੇਡ
(ਰਣਜੀਤ ਕਲਸੀ) ਫਿਲੌਰ। ਫਿਲੌਰ ਨਗਰ ਕੌਂਸਲ ਵੱਲੋਂ ਸਹਿਰ ਦੀ ਤਰੱਕੀ ਲਈ ਆਉਣ ਵਾਲੇ ਮਹੀਨਿਆਂ ਦੌਰਾਨ ਕਰੀਬ 7 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾਣਗੇ, ਇਹ ਜਾਣਕਾਰੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਮੰਗਲਵਾਰ ਨੂੰ ਇੱਥੇ ਨਗਰ ਨਿਗਮ ਦੀ ਮੀਟਿੰਗ ਵਿੱਚ ਭਾਗ ਲੈਣ ਉਪਰੰਤ ਦਿੱਤੀ।
ਉਨਾਂ ਦੱਸਿਆ ਕਿ ਕੌਂਸਲ ਨੇ ਮੀਟਿੰਗ ਵਿੱਚ 6.12 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 2.6 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਤਕਨਾਲੋਜੀ ਨੂੰ ਅਪਗ੍ਰੇਡ ਕਰਨਾ, ਫਾਇਰ ਸਟੇਸਨ ਸਥਾਪਤ ਕਰਨ ਲਈ ਕਰਮਚਾਰੀਆਂ ਦੀ ਭਰਤੀ ਅਤੇ ਸਾਮਾਨ ਦੀ ਖਰੀਦ, ਸਟ੍ਰੀਟ ਲਾਈਟਾਂ ਦੇ ਸਾਮਾਨ ਦੀ ਖਰੀਦ, ਨਗਰ ਕੌਂਸਲ ਅਤੇ ਕਮਿਊਨਿਟੀ ਸੈਂਟਰ ਦੀਆਂ ਇਮਾਰਤਾਂ ’ਤੇ ਬਰਸਾਤੀ ਪਾਣੀ ਦੀ ਸੰਭਾਲ ਪ੍ਰਣਾਲੀ ਸਥਾਪਤ ਕਰਨਾ, ਅਤੇ ਨੂਰਮਹਿਲ ਰੋਡ, ਅਕਾਲਪੁਰ ਰੋਡ ਤੇ ਲਵਲੀ ਆਟੋਜ ਗਲੀ ਵਾਲੇ ਖੇਤਰਾਂ ਵਿੱਚ ਪਾਣੀ ਸਪਲਾਈ ਲਾਈਨ ਅਤੇ ਕੁਨੈਕਸਨਾਂ ਦਾ ਪ੍ਰਬੰਧ ਸਮੇਤ ਕਈ ਪ੍ਰੋਜੈਕਟਾਂ ਨੂੰ ਆਪਣੀ ਪ੍ਰਵਾਨਗੀ ਦਿੱਤੀ ਹੈ।
ਫਇਰ ਸਟੇਸ਼ਨ ਪ੍ਰੋਜੈਕਟ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਚੌਧਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਅੱਗ ਬੁਝਾਊ ਗੱਡੀਆਂ ਅਲਾਟ ਕੀਤੇ ਜਾਣ ਤੋਂ ਬਾਅਦ ਫਾਇਰਮੈਨਾਂ ਅਤੇ ਡਰਾਈਵਰਾਂ ਦੀ ਭਰਤੀ, ਵਾਹਨਾਂ ਵਿੱਚ ਪਾਣੀ ਭਰਨ ਲਈ ਇੱਕ ਟਿਊਬਵੈੱਲ, ਹੋਜ ਪਾਈਪ, ਅੱਗ ਬੁਝਾਉਣ ਵਾਲੇ ਪੋਰਟੇਬਲ ਯੰਤਰ, ਬਾਲਣ ਅਤੇ ਰਸਾਇਣਕ ਅੱਗ ਨੂੰ ਬੁਝਾਉਣ ਲਈ ਫੋਮ ਅਤੇ ਸਾਹ ਲੈਣ ਵਾਲੇ ਉਪਕਰਣਾਂ ਦੇ ਸੈੱਟ, ਸੂਟ ਅਤੇ ਗਮਬੂਟ ਸਮੇਤ ਸੁਰੱਖਿਆ ਉਪਕਰਣਾਂ ਦੀ ਲੋੜ ਹੈ ਅਤੇ ਨਗਰ ਕੌਂਸਲ ਨੇ ਇਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਪ੍ਰਕਿਰਿਆ ਸੁਰੂ ਕਰਨ ਲਈ ਅੱਜ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਕੌਂਸਲ ਨੇ 6.12 ਕਰੋੜ ਰੁਪਏ ਦੀ ਅੰਦਾਜਨ ਲਾਗਤ ਨਾਲ 2.6 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਤਕਨਾਲੋਜੀ ਨੂੰ ਅਪਗ੍ਰੇਡ ਕਰਨ ਦਾ ਮਤਾ ਵੀ ਪਾਸ ਕੀਤਾ ਕਿਉਂਕਿ ਐਸਟੀਪੀ ਦੀ ਪੰਦਰਾਂ ਸਾਲਾਂ ਦੀ ਮਿਆਦ 2016 ਵਿੱਚ ਸਮਾਪਤ ਹੋ ਗਈ ਸੀ।
ਵਿਧਾਇਕ ਚੌਧਰੀ ਨੇ ਕਿਹਾ ਕਿ ਐੱਸ.ਟੀ.ਪੀ. ਪੁਰਾਣੀ ਤਕਨੀਕ ’ਤੇ ਆਧਾਰਿਤ ਹੈ, ਜਿਸ ਕਰਕੇ ਸੀਵਰੇਜ ਅਤੇ ਗੰਦੇ ਪਾਣੀ ਦੀ ਕਲੋਰੀਨੇਸਨ ਤਕਨੀਕ ਨਾਲ ਸਫਾਈ ਨਹੀਂ ਹੁੰਦੀ, ਇਸ ਲਈ ਐੱਸ.ਟੀ.ਪੀ ਨੂੰ ਆਧੁਨਿਕ ਤਕਨੀਕ ਨਾਲ ਅਪਗ੍ਰੇਡ ਕਰਨਾ ਜਰੂਰੀ ਹੈ। ਉਹਨਾਂ ਆਖਿਆ ਕਿ ਉਹ ਮੁੱਖ ਮੰਤਰੀ ਭਗਵੰਤ ਨੂੰ ਇਸ ਲਈ ਗ੍ਰਾਂਟ ਅਲਾਟ ਕਰਨ ਲਈ ਪੱਤਰ ਲਿਖਣਗੇ।
ਆਖਿਰ ਵਿੱਚ ਉਨਾਂ ਦੱਸਿਆ ਕਿ ਪਾਣੀ ਦੀ ਘਾਟ ਕਾਰਣ ਬਰਸਾਤੀ ਪਾਣੀ ਦੀ ਸੰਭਾਲ ਲਈ ਨਗਰ ਨਿਗਮ ਨੇ ਆਪਣੀਆਂ ਦੋ ਇਮਾਰਤਾਂ ’ਤੇ ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।