
(ਪ੍ਰੀਤਮ ਲੁਧਿਆਣਵੀ) ਚੰਡੀਗੜ੍ਹ। ਸਿਰਜਨਾ ਦੇ ਆਰ ਪਾਰ ਵਿੱਚ ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸਟਰੀ ਸਾਹਿਤਕ ਸਾਂਝਾਂ ਦੇ ਪ੍ਰੋਗਰਾਮ ਦੌਰਾਨ ਪਦਮਸ੍ਰੀ ਡਾ ਸੁਰਜੀਤ ਪਾਤਰ ਜੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਸਾਹਿਤਕ ਸਾਂਝਾ ਦੇ ਪ੍ਰਧਾਨ ਰਿੰਟੂ ਭਾਟੀਆ ਨੇ ਆਪਣੀ ਸੁਰੀਲੀ ਆਵਾਜ ਵਿੱਚ ਪਾਤਰ ਸਾਹਿਬ ਦੀ ਗਜਲ ‘ਸਾਡੀ ਤੁਹਾਡੀ ਮੁਲਾਕਾਤ ਹੋਈ’ ਗਾ ਕੇ ਸਭ ਦਾ ਮਨ ਮੋਹ ਲਿਆ। ਪਦਮ ਸ੍ਰੀ ਸੁਰਜੀਤ ਪਾਤਰ ਜੀ ਦੀ ਜਿੰਦਗੀ, ਸਾਇਰੀ ਅਤੇ ਸਿਰਜਣਾਤਮਕ ਪਲਾਂ ਦੇ ਅਨੁਭਵ ਸਬੰਧੀ ਗੱਲਬਾਤ ਪ੍ਰੋ ਕੁਲਜੀਤ ਕੌਰ ਨੇ ਬੜੇ ਦਿਲਚਸਪ ਅੰਦਾਜ ਵਿੱਚ ਕੀਤੀ ਅਤੇ ਪਾਤਰ ਸਾਹਿਬ ਦੀਆਂ ਲੋਕ ਮਨਾਂ ਵਿੱਚ ਘਰ ਕਰ ਗਈਆਂ ਕੁਝ ਤੁਕਾਂ ਸੁਣਾ ਕੇ ਗੱਲਬਾਤ ਦਾ ਸਿਲਸਿਲਾ ਆਰੰਭ ਕੀਤਾ। ਪਦਮਸ੍ਰੀ ਪਾਤਰ ਸਾਹਿਬ ਨੇ ਸਭ ਦਰਸਕਾਂ ਨੂੰ ਨਵੇਂ ਵਰ੍ਹੇ ਦੀ ਵਧਾਈ ਦੇਂਦਿਆਂ ਆਪਣੇ ਕਾਵਿਕ ਸਫਰ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਡਾ. ਸਰਬਜੀਤ ਕੌਰ ਸੋਹਲ, ਰਾਮਿੰਦਰ ਰੰਮੀ ਤੇ ਸੁਰਜੀਤ ਕੌਰ ਟਰਾਂਟੋ ਨੇ ਪਾਤਰ ਜੀ ਦੀਆਂ ਲਿਖਤਾਂ ਨੂੰ ਉਚ ਮਿਆਰੀ ਦੱਸਦਿਆਂ ਖੂਬ ਸਲਾਹਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰੋ ਕੁਲਜੀਤ ਕੌਰ ਤੇ ਰਮਿੰਦਰ ਵਾਲੀਆ ਨੇ ਦੱਸਿਆ ਕਿ ਸ੍ਰ ਪਿਆਰਾ ਸਿੰਘ ਕੁੱਦੋਵਾਲ ਮੁੱਖ ਸਲਾਹਕਾਰ ਨੇ ਅਮਰੀਕਾ ਵਿੱਚ ਪਾਤਰ ਸਾਹਿਬ ਨਾਲ ਜੁੜੀਆਂ ਸਾਹਿਤਕ ਯਾਦਾਂ ਸਾਂਝੀਆਂ ਕੀਤੀਆਂ। ਓਨਟਾਰੀਓ ਫਰੈਂਡਜ ਕਲੱਬ ਦੇ ਪ੍ਰਧਾਨ ਸ੍ਰ ਰਵਿੰਦਰ ਸਿੰਘ ਕੰਗ, ਪ੍ਰੋ ਜਾਗੀਰ ਸਿੰਘ ਕਾਹਲੋਂ, ਡਾ ਰਵਿੰਦਰ ਭਾਟੀਆ, ਹਰਦਿਆਲ ਸਿੰਘ ਝੀਤਾ, ਪਿ੍ਰੰਸੀਪਲ ਅਰਮਾਨ ਪ੍ਰੀਤ, ਜੋਤੀ ਮਾਂਗਟ, ਸਤਿੰਦਰ ਕੌਰ ਕਾਹਲੋਂ, ਰਾਜਬੀਰ ਗਰੇਵਾਲ, ਨਿਰਵੈਰ ਸਿੰਘ ਅਰੋੜਾ ਆਦਿ ਬਹੁਤ ਸਾਰੀਆਂ ਸਖਸੀਅਤਾਂ ਨੇ ਦੇਸ਼ ਵਿਦੇਸ਼ ਤੋਂ ਇਸ ਪ੍ਰੋਗਰਾਮ ਵਿੱਚ ਭਾਗ ਲੈਂਦਿਆਂ ਜਿੱਥੇ ਇਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ, ਉਥੇ ਡਾ. ਸੁਰਜੀਤ ਪਾਤਰ ਜੀ ਦਾ ਵੀ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਉਚੇਚਾ ਧੰਨਵਾਦ ਕੀਤਾ। ਸਮੁੱਚੇ ਤੌਰ ਤੇ ਡਾ ਸੁਰਜੀਤ ਪਾਤਰ ਜੀ ਦਾ ਇਹ ਰੂਬਰੂ ਖੂਬਸੂਰਤ ਤੇ ਯਾਦਗਾਰੀ ਹੋ ਨਿਬੜਿਆ। ਮਾਡਰੇਟਰ ਪ੍ਰੋ ਕੁਲਜੀਤ ਕੌਰ ਜੀ ਦੇ ਰੋਲ ਨੂੰ ਵੀ ਬਹੁਤ ਪਸੰਦ ਕੀਤਾ ਗਿਆ।