(ਜਗਸੀਰ ਲੌਂਗੋਵਾਲ) ਸੰਗਰੂਰ। ਜ਼ਿਲੇ ਦੇ ਤਿੰਨ ਬੱਚਿਆਂ, ਜ਼ਿਨਾਂ ਦੇ ਮਾਪਿਆਂ ਦੀ ਕੋਵਿਡ-19 ਨਾਲ ਮੌਤ ਹੋ ਗਈ ਸੀ, ਨੂੰ ਪੀ.ਐਮ. ਕੇਅਰ ਫ਼ਾਰ ਚਿਲਡਰਨ ਸਕੀਮ ਤਹਿਤ ਸਹੂਲਤਾਂ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਬਾਲ ਸੁਰੱਖਿਆ ਅਫਸਰ ਨਵਨੀਤ ਕੌਰ ਨੇ ਦੱਸਿਆ ਕਿ ਪੀ.ਐਮ. ਕੇਅਰ ਫ਼ਾਰ ਚਿਲਡਰਨ ਸਕੀਮ 29 ਮਈ 2021 ਨੂੰ ਸ਼ੁਰੂ ਕੀਤੀ ਗਈ ਸੀ। ਉਨਾਂ ਕਿਹਾ ਕਿ ਇਸ ਸਕੀਮ ਦਾ ਮੁੱਖ ਮੰਤਵ ਜਿੰਨਾ ਬੱਚਿਆਂ ਦੇ ਮਾਤਾ-ਪਿਤਾ, ਲੀਗਲ ਗਾਰਡੀਅਨ, ਗੋਦ ਲੈਣ ਵਾਲੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ, ਉਨਾਂ ਬੱਚਿਆਂ ਨੂੰ 23 ਸਾਲ ਦੀ ਉਮਰ ਤੱਕ ਮੁਫਤ ਸਕੂਲੀ ਸਿੱਖਿਆ ਦੇ ਨਾਲ-ਨਾਲ ਉੱਚੇਰੀ ਸਿੱਖਿਆ ਲਈ ਐਜੂਕੇਸ਼ਨ ਲੋਨ ਦੀ ਸਹਾਇਤਾ, ਸਿੱਖਿਆ ਕਰਜ਼ੇ ਦੇ ਵਿਆਜ ਦੀ ਅਦਾਇਗੀ, ਆਯੂਸਮਾਨ ਭਾਰਤ ਯੋਜਨਾ ਤਹਿਤ 23 ਸਾਲ ਦੀ ਉਮਰ ਤੱਕ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਯੋਜਨਾ ਅਧੀਨ ਲੈ ਆਉਣਾ, ਬੀਮੇ ਦੇ ਪ੍ਰੀਮੀਅਮ ਦਾ ਭੁਗਤਾਨ, 18 ਸਾਲ ਦੀ ਉਮਰ ਹੋਣ ’ਤੇ ਵਿਅਕਤੀਗਤ ਜਰੂਰਤਾਂ ਦੇ ਲਈ ਮਾਸਿਕ ਵਿੱਤੀ ਸਹਾਇਤਾ, 23 ਸਾਲ ਦੀ ਉਮਰ ਪੂਰੀ ਹੋਣ ’ਤੇ 10 ਲੱਖ ਰੁਪਏ ਦੀ ਸਹਾਇਤਾ , ਜਮਾਤ ਪਹਿਲੀ ਤੋਂ ਬਾਰਵੀਂ ਦੇ ਬੱਚਿਆ ਲਈ 20 ਹਜ਼ਾਰ ਰੁਪਏ ਪ੍ਰਤੀ ਸਾਲ ਦਾ ਵਜੀਫਾ, 50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਆਦਿ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦਸਿਆ ਕਿ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਵੱਲੋ ਇਨਾਂ ਤਿੰਨ ਬੱਚਿਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋ ਪ੍ਰਾਪਤ ਸੁਨੇਹਾ ਪੱਤਰ, 5 ਲੱਖ ਤੱਕ ਸਿਹਤ ਬੀਮਾ ਯੋਜਨਾ ਦੇ ਕਾਰਡ ਅਤੇ 10 ਲੱਖ ਰੁਪਏ ਦੀ ਰਾਸ਼ੀ ਦੀ ਪਾਸ ਬੁੱਕ ਦੀਆਂ ਕਿੱਟਾਂ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਤਿੰਨੋ ਬੱਚਿਆਂ ਨਾਲ ਗੱਲਬਾਤ ਕਰਦਿਆਂ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਬਾਲ ਸੁਰੱਖਿਆ ਅਫਸਰ ਸਿਮਤਾ ਅਤੇ ਬੱਚਿਆਂ ਦੇ ਗਾਰਡੀਅਨ ਵੀ ਹਾਜ਼ਰ ਸਨ।