ਰੇਲਿੰਗ ਤੋੜ ਕੇ ਟਰੈਕਟਰ ਖਤਾਨਾਂ ਵਿੱਚ ਲਮਕਿਆ, ਰੋਪੜ੍ਹ -ਬਲਾਚੌਰ ਰੋਡ ਘੰਟਿਆਂ ਤੱਕ ਵਨ ਵੇ, ਲੋਕਾਂ ਨੇ ਓਵਰਲੋਡ ਟਰੈਕਟਰਾਂ ਤੇ ਨਕੇਲ ਕੱਸਣ ਦੀ ਕੀਤੀ ਮੰਗਬਲਾਚੌਰ (ਜਤਿੰਦਰਪਾਲ ਸਿੰਘ ਕਲੇਰ) : ਨੈਸ਼ਨਲ ਹਾਈਵੇ ਰੋਪੜ੍ਹ -ਬਲਾਚੌਰ ਨੇੜੇ ਰੱਕੜਾਂ ਅਤੇ ਲੋਹਟਾਂ ਦੇ ਵਿਚਕਾਰ ਅੱਜ ਫਿਰ ਇੱਕ ਵੱਡਾ ਹਾਦਸਾ ਵਾਪਰਦਿਆਂ-ਵਾਪਰਦਿਆਂ ਟਲ ਗਿਆ। ਜਦੋਂ ਭੂੰਗ ਨਾਲ ਓਵਰਲੋਡ ਭਰੀ ਟਰਾਲੀ ਅਚਾਨਕ ਪਲਟ ਗਈ ਅਤੇ ਟਰੈਕਟਰ ਰੇਲਿੰਗ ਤੋੜ ਕੇ ਥੱਲੇ ਖਤਾਨਾਂ ਵਿੱਚ ਜਾ ਕੇ ਲਮਕ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹਾਈਵੇ ਤੇ ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ ਅਤੇ ਰੋਡ ਇੱਕ ਪਾਸੇ ਤੋਂ ਵਨ ਵੇ ਹੋ ਗਿਆ।
ਜਾਣਕਾਰੀ ਅਨੁਸਾਰ ਇਹ ਟਰੈਕਟਰ ਟਰਾਲੀ ਬਲਾਚੌਰ ਤੋਂ ਰੋਪੜ੍ਹ ਵਾਲੇ ਪਾਸੇ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗੇ ਕੋਈ ਗੱਡੀ ਆ ਜਾਣ ਕਾਰਨ ਟਰੈਕਟਰ ਚਾਲਕ ਨੇ ਸਾਈਡ ਮਾਰੀ ਅਤੇ ਓਵਰਲੋਡ ਹੋਣ ਕਾਰਨ ਟਰਾਲੀ ਦਾ ਸੰਤੁਲਨ ਵਿਗੜ ਗਿਆ। ਟਰਾਲੀ ਪਲਟ ਗਈ ਅਤੇ ਟਰੈਕਟਰ ਰੇਲਿੰਗ ਤੋੜਦਾ ਹੋਇਆ ਥੱਲੇ ਖਤਾਨਾਂ ਵਿੱਚ ਜਾ ਲਮਕਿਆ। ਮੌਕੇ ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਟਰਾਲੀ ਇੰਨੀ ਓਵਰਲੋਡ ਸੀ ਕਿ ਟਰੈਕਟਰ ਦੇ ਟਾਇਰ ਜ਼ਮੀਨ ਤੇ ਲੱਗਦੇ ਹੀ ਨਹੀਂ ਸਨ, ਸਗੋਂ ਉੱਪਰ ਹੀ ਚੁੱਕੇ ਰਹਿੰਦੇ ਸਨ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇੱਥੇ ਅਕਸਰ ਪੇਪਰ ਮਿੱਲ ਨੂੰ ਤੂੜੀ ਲੈ ਕੇ ਜਾਣ ਵਾਲੇ ਟਰੈਕਟਰ ਟਰਾਲੀਆਂ ਦੇ ਹਾਦਸੇ ਹੁੰਦੇ ਰਹਿੰਦੇ ਹਨ। ਰੋਜ਼ ਹੀ ਕੋਈ ਨਾ ਕੋਈ ਟਰੈਕਟਰ ਪਲਟਦਾ ਰਹਿੰਦਾ ਹੈ। ਓਵਰਲੋਡ ਟਰਾਲੀਆਂ ਕਾਰਨ ਨੈਸ਼ਨਲ ਹਾਈਵੇ ਤੇ ਚੱਲਣ ਵਾਲੇ ਹੋਰ ਵਾਹਨ ਚਾਲਕਾਂ ਦੀ ਜਾਨ ਹਮੇਸ਼ਾ ਖਤਰੇ ਵਿੱਚ ਰਹਿੰਦੀ ਹੈ।
ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਟਰੈਕਟਰ ਟਰਾਲੀਆਂ ਤੇ ਨਕੇਲ ਕੱਸੀ ਜਾਵੇ ਅਤੇ ਇਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਕਿਹਾ ਕਿ ਇਨ੍ਹਾਂ ਟਰੈਕਟਰਾਂ ਨੂੰ ਬੰਦ ਕੀਤਾ ਜਾਵੇ, ਨਹੀਂ ਤਾਂ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।
ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਹਾਦਸੇ ਕਾਰਨ ਵਨਵੇ ਰੋਡ ਹੋਣ ਕਾਰਨ ਰੋਪੜ ਤੋਂ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਅੱਗੇ ਰੋਡ ਬੰਦ ਹੈ। ਘੰਟਿਆਂ ਤੱਕ ਰੋਡ ਵਨ ਵੇ ਰਹਿਣ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਲਾਕਾ ਵਾਸੀਆਂ ਨੇ ਇਹ ਵੀ ਕਿਹਾ ਕਿ ਓਵਰਲੋਡ ਟਰੈਕਟਰ ਨੇ ਨਾ ਸਿਰਫ਼ ਰੇਲਿੰਗ ਤੋੜੀ ਹੈ, ਸਗੋਂ ਨੈਸ਼ਨਲ ਹਾਈਵੇ ਦਾ ਵੀ ਨੁਕਸਾਨ ਕੀਤਾ ਹੈ। ਇਸ ਲਈ ਪ੍ਰਸ਼ਾਸਨ ਨੂੰ ਤੁਰੰਤ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।