
ਫਗਵਾੜਾ (ਸ਼ਿਵ ਕੋੜਾ) ਪਿੰਡ ਗੁਲਾਬਗੜ੍ਹ ਜਗੀਰ ਵਿਖੇ 108 ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਜੀ ਦਾ 63ਵਾਂ ਸਲਾਨਾ ਬਰਸੀ ਸਮਾਗਮ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਅਤੇ ਭਗਤ ਜਵਾਲਾ ਦਾਸ ਜੀ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਤਿੰਨ ਰੋਜਾ ਬਰਸੀ ਸਮਾਗਮ ਦੇ ਪਹਿਲੇ ਦਿਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਤੀਸਰੇ ਦਿਨ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਈ। ਉਪਰੰਤ ਕੀਰਤਨੀਏ ਜੱਥੇ ਭਾਈ ਜਤਿੰਦਰ ਸਿੰਘ ਮਲਕਪੁਰ ਅਤੇ ਭਾਈ ਕੁਲਦੀਪ ਸਿੰਘ ਫਗਵਾੜਾ ਵਾਲਿਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਉਚੇਰੇ ਤੌਰ ਤੇ ਪੁੱਜੇ ਸੀਨੀਅਰ ਅਕਾਲੀ ਆਗੂ ਜਥੇਦਾਰ ਸਰਵਣ ਸਿੰਘ ਕੁਲਾਰ ਨੇ ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਭਗਤ ਜੀ ਨੇ ਹਮੇਸ਼ਾ ਗੁਰੂਆਂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਲੋਕਾਂ ਨੂੰ ਰੱਬੀ ਬਾਣੀ ਨਾਲ ਜੋੜਦੇ ਹੋਏ ਹੱਥੀ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੁਨੇਹਾ ਦਿੱਤਾ। ਉਹਨਾਂ ਨੌਜਵਾਨਾਂ ਅਤੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਜੀ ਦੇ ਪਾਏ ਪੂਰਨਿਆ ਤੇ ਚਲਦੇ ਹੋਏ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਅਤੇ ਵਾਤਾਵਰਣ ਸੁਰੱਖਿਆ ਦੇ ਲਿਹਾਜ ਨਾਲ ਹੱਥੀਂ ਬੂਟੇ ਲਗਾ ਕੇ ਉਹਨਾਂ ਦੀ ਪਰਵਰਿਸ਼ ਕਰਨ। ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖਸੀਅਤਾਂ,ਸੇਵਾਦਾਰਾਂ ਤੇ ਸਹਿਯੋਗੀਆਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਚਾਹ ਪਕੌੜਿਆਂ ਅਤੇ ਠੰਡੇ ਮਿੱਠੇ ਜਲ ਤੋਂ ਇਲਾਵਾ ਗੁਰੂ ਘਰ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਬਲਵੀਰ ਚੰਦ, ਉਪ ਪ੍ਰਧਾਨ ਸੋਹਨ ਲਾਲ, ਸਕੱਤਰ ਮਾਸਟਰ ਸਤਪਾਲ ਤੋਂ ਇਲਾਵਾ ਕੁਲਦੀਪ ਮਾਣਕਾਂ, ਜਸਵਿੰਦਰ ਪਾਲ, ਮਨਜੀਤ, ਜਸਬੀਰ ਚੰਦ, ਯੋਗਰਾਜ, ਸ਼ੀਤਲ ਰਾਮ, ਮੇਜਰ ਰਾਮ, ਗੁਰਦੇਵ ਰਾਮ, ਗਰੀਬ ਦਾਸ, ਰਵੀ ਕੁਮਾਰ, ਗੁਰਨਾਮ ਸਿੰਘ ਲੱਖਪੁਰ ਆਦਿ ਹਾਜਰ ਸਨ।