
ਫਗਵਾੜਾ (ਸ਼ਿਵ ਕੋੜਾ) : ਸਰਵ ਸ਼ਕਤੀ ਸੈਨਾ ਵਲੋਂ ਵਿਜੇ ਕੁਮਾਰ ਨੂੰ ਸਪੋਰਟਸ ਸੈਲ ਜਿਲ੍ਹਾ ਕਪੂਰਥਲਾ ਦਾ ਪ੍ਰਧਾਨ ਐਲਾਨਿਆ ਗਿਆ ਹੈ। ਉਹਨਾਂ ਨੂੰ ਇਸ ਸਬੰਧੀ ਨਿਯੁਕਤੀ ਪੱਤਰ ਦਿਹਾਤੀ ਪ੍ਰਧਾਨ ਪੰਜਾਬ ਬਲਜੀਤ ਸਿੰਘ ਨੇ ਫਗਵਾੜਾ ਵਿਖੇ ਦਿੱਤਾ। ਇਸ ਦੌਰਾਨ ਜੱਥੇਬੰਦੀ ਦੇ ਜਿਲ੍ਹਾ ਮੀਤ ਪ੍ਰਧਾਨ ਰਾਜਕੁਮਾਰ ਬਸਰਾ, ਸਿਟੀ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਅਤੇ ਚਰਨਜੀਤ ਸਿੰਘ ਵਾਲੀਆ ਨੇ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਜੇ ਕੁਮਾਰ ਖੁਦ ਸਪੋਰਟਸ ਮੈਨ ਹਨ ਜੋ ਕਿ ਮਾਰਸ਼ਲ ਆਰਟਸ (ਤਾਈਕਵਾਂਡੋ) ਨਾਲ ਜੁੜੇ ਹੋਏ ਹਨ। ਉਹਨਾਂ ਦੇ ਜਿਲ੍ਹਾ ਸਪੋਰਟਸ ਸੈਲ ਪ੍ਰਧਾਨ ਬਣਨ ਨਾਲ ਸਰਬ ਸ਼ਕਤੀ ਸੈਨਾ ਜਿਲ੍ਹੇ ਵਿਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੇ ਵਧੀਆ ਉਪਰਾਲੇ ਕਰ ਸਕੇਗੀ। ਵਿਜੇ ਕੁਮਾਰ ਨੇ ਆਪਣੀ ਨਿਯੁਕਤੀ ਲਈ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਜਲਦੀ ਹੀ ‘ਨਸ਼ੇ ਛੱਡੋ, ਖੇਡਾਂ ਖੇਡੋ’ ਮੁਹਿਮ ਸ਼ੁਰੂ ਕੀਤੀ ਜਾਵੇਗੀ ਅਤੇ ਜਿਲ੍ਹੇ ਭਰ ਦੇ ਨੌਜਵਾਨਾਂ ਨੂੰ ਖੇਡਾਂ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਹਮੇਸ਼ਾ ਖੇਡਾਂ ਵਿਚ ਮੋਹਰੀ ਰਿਹਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਅਜੋਕੀ ਪੀੜ੍ਹੀ ਮਾਰੂ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੀ ਜਵਾਨੀ ਨੂੰ ਬਰਬਾਦ ਕਰ ਰਹੀ ਹੈ। ਇਸ ਲਈ ਉਹਨਾਂ ਦੀ ਪ੍ਰਾਥਮਿਕਤਾ ਰਹੇਗੀ ਕਿ ਨੋਜਵਾਨਾਂ ਨੂੰ ਦੁਬਾਰਾ ਕਸਰਤ ਕਰਨ, ਚੰਗੀ ਖੁਰਾਕ ਲੈਣ ਅਤੇ ਖੇਡਾਂ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਸਰਬ ਸ਼ਕਤੀ ਸੈਨਾ ਦੇ ਨਾਰਥ ਇੰਡੀਆ ਪ੍ਰਧਾਨ ਰਾਜੇਸ਼ ਸ਼ਰਮਾ ਅਤੇ ਅਵਤਾਰ ਪੰਮਾ ਮੀਤ ਪ੍ਰਧਾਨ ਪੰਜਾਬ ਵੀ ਹਾਜਰ ਸਨ।