
ਫਗਵਾੜਾ (ਸ਼ਿਵ ਕੋੜਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਤੇ ਗ੍ਰਾਮੀਣ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਧਾਨਸਭਾ ਹਲਕਾ ਫਗਵਾੜਾ ਦੇ ਪਿੰਡ ਅਮਰੀਕ ਨਗਰੀ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਫਗਵਾੜਾ ਵਲੋਂ ਬੀ.ਡੀ.ਪੀ.ਓ. ਰਾਮਪਾਲ ਸਿੰਘ ਰਾਣਾ ਦੀ ਅਗਵਾਈ ਹੇਠ ਆਮ ਇਜਲਾਸ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ ਦੇ ਸਹਿ ਸਕੱਤਰ ਡਾ. ਜਤਿੰਦਰ ਸਿੰਘ ਪਰਹਾਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਆਮ ਇਜਲਾਸ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਪਿੰਡ ਵਾਸੀਆਂ ਨੇ ਗੰਦੇ ਪਾਣੀ ਦੀ ਨਿਕਾਸੀ ਅਤੇ ਵਿਕਾਸ ਨਾਲ ਸਬੰਧਤ ਹੋਰ ਕਈ ਸਮੱਸਿਆਵਾਂ ਦਾ ਜਿਕਰ ਕੀਤਾ। ਜਿਹਨਾਂ ਨੂੰ ਦੂਰ ਕਰਨ ਦਾ ਬੀ.ਡੀ.ਪੀ.ਓ. ਰਾਣਾ ਨੇ ਭਰੋਸਾ ਦਿੱਤਾ। ਇਸ ਮੌਕੇ ਡਾ. ਜਤਿੰਦਰ ਸਿੰਘ ਪਰਹਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਦਾ ਪਿੰਡਾਂ ‘ਚ ਆਮ ਇਜਲਾਸ ਬੁਲਾਉਣ ਦਾ ਇਹ ਬਹੁਤ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਸਮੂਹ ਪਿੰਡਾਂ ਦੇ ਵਸਨੀਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਹਨਾਂ ਆਮ ਇਜਲਾਸਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਆਪਣੀਆਂ ਮੁਸ਼ਕਲਾਂ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਦੱਸਣ ਤਾਂ ਜੋ ਹਰ ਸਮੱਸਿਆ ਦਾ ਢੁਕਵਾਂ ਹਲ ਕਰਵਾਇਆ ਜਾ ਸਕੇ। ਇਸ ਮੌਕੇ ਸਰਪੰਚ ਸੁਰਿੰਦਰ ਕੌਰ, ਸੁਦੀਸ਼ ਕੁਮਾਰ ਪੰਚਾਇਤ ਸਕੱਤਰ, ਲਕਸ਼ਮੀ ਦੇਵੀ ਮੇਹਟ, ਕੁਲਵਿੰਦਰ ਕੁਮਾਰ ਪੰਚ, ਜਸਬੀਰ ਕੌਰ ਪੰਚ, ਕੇਹਰ ਸਿੰਘ, ਪ੍ਰਦੀਪ ਕੁਮਾਰ, ਭੁਪਿੰਦਰ ਕੁਮਾਰ, ਬਾਗੀ ਰਾਮ, ਬਲਵੀਰ ਕੁਮਾਰ ਆਦਿ ਤੋਂ ਇਲਾਵਾ ਹੋਰ ਪਿੰਡ ਵਾਸੀ ਅਤੇ ਪਤਵੰਤੇ ਹਾਜਰ ਸਨ।