ਪੰਜਾਬ ਸਰਕਾਰ ਵੱਲੋਂ ਵਧਾਏ ਕੁਲੈਕਟਰ ਰੇਟ ਅਤੇ ਰਜਿਸਟਰੀਆਂ ਬੰਦ ਕਰਨ ਦੇ ਖ਼ਿਲਾਫ਼ ਕਲੋਨਾਈਜ਼ਰ ਇੱਕ ਮੰਚ ਉੱਤੇ ਹੋਏ ਇਕੱਠੇ

Share and Enjoy !

Shares

ਲੁਧਿਆਣਾ/ਹੰਬੜਾ। ਪੰਜਾਬ ਸਰਕਾਰ ਵੱਲੋਂ ਕੁਲੈਕਟਰ ਰੇਟਾਂ ਵਿੱਚ ਵੱਡੀ ਪੱਧਰ ਤੇ ਵਾਧਾ ਕਰਨ ਅਤੇ ਕਲੋਨੀਆਂ ਦੇ ਨਾਲ ਪਿੰਡਾਂ ਦੇ ਰਕਬੇ ਅੰਦਰ ਸਥਿਤ ਪਲਾਟਾਂ ਦੀਆਂ ਰਜਿਸਟਰੀਆਂ ਬੰਦ ਕਰਨ ਦੇ ਵਿਰੋਧ ਵਿਚ ਅੱਜ ਹੰਬੜਾ ਰੋਡ, ਸਾਊਥ ਸਿਟੀ ਅਤੇ ਨਹਿਰ ਰੋਡ ਦੇ ਕਾਲੋਨਾਈਜਰਾਂ ਪ੍ਰਾਪਰਟੀ ਡੀਲਰਾਂ ਅਤੇ ਅਰਜ਼ੀ ਨਵੀਸਾਂ ਵੱਲੋਂ ਇਕ ਨਿਜੀ ਰਿਜ਼ਾਰਟ ਵਿਚ ਮੀਟਿੰਗ ਕਰ ਕੇ ਲਾਮਬੰਦੀ ਕਰਦਿਆਂ ਸਰਕਾਰ ਦੇ ਇਸ ਨਾਦਰਸ਼ਾਹੀ ਫੈਸਲੇ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕਰਦੇ ਹੋਏ ਆਪਣੇ ਕੰਮਕਾਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਮਿਤੀ 28 ਜੁਲਾਈ ਨੂੰ ਲੁਧਿਆਣਾ ਦੇ ਕਾਸਾ ਲੀਬੇਰਨ ਹੋਟਲ ਵਿੱਚ ਹੋਣ ਵਾਲੀ ਪੰਜਾਬ ਪੱਧਰੀ ਮੀਟਿੰਗ ਵਿੱਚ ਵੱਡਾ ਇਕੱਠ ਜੁਟਾਉਣ ਦਾ ਸੱਦਾ ਦਿੱਤਾ ਗਿਆ। ਉੱਘੇ ਕਲੋਨਾਈਜ਼ਰ ਅਤੇ ਕਾਰੋਬਾਰੀ ਹਰਕਿੰਦਰ ਸਿੰਘ ਗਰੇਵਾਲ ਵੱਲੋਂ ਆਯੋਜਤ ਇਸ ਮੀਟਿੰਗ ਦੌਰਾਨ ਕਲੋਨਾਈਜ਼ਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਗੁਰਿੰਦਰ ਲਾਂਬਾ ਵਿਸੇਸ ਤੌਰ ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਲਾਂਬਾ ਨੇ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਲਏ ਗਏ ਜ?ਿਆਦਾਤਰ ਫੈਸਲਿਆਂ ਤੇ ਲੋਕ ਰੋਹ ਖੜਾ ਹੋ ਜਾਣ ਕਾਰਨ ਸਰਕਾਰ ਨੂੰ ਆਪਣੇ ਫੈਸਲੇ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਜਦਕਿ ਪ੍ਰਾਪਰਟੀ ਸਬੰਧੀ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦੇ ਤੇ ਵੀ ਸਰਕਾਰ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਦੀ ਤਰਜ਼ ਤੇ ਕੰਮ ਕਰ ਰਹੀ ਹੈ ਜਦਕਿ ਪੰਜਾਬ ਨੂੰ ਦਿੱਲੀ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਅਕਾਲੀ ਆਗੂ ਤੇ ਕਲੋਨਾਈਜਰ ਕਮਲ ਚੇਤਲੀ ਨੇ ਬੋਲਦਿਆਂ ਕਿਹਾ ਕਿ ਬੇਸ਼ੱਕ ਸਮੇਂ ਸਮੇਂ ਤੇ ਕੁਲੈਕਟਰ ਰੇਟਾਂ ਵਿੱਚ ਵੀਹ ਤੋਂ ਤੀਹ ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਜਾਂਦਾ ਰਿਹਾ ਹੈ ਜਿਸ ਤੇ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਹੁੰਦਾ, ਪ੍ਰੰਤੂ ਮੌਜੂਦਾ ਸਮੇਂ ਸਰਕਾਰ ਵੱਲੋਂ ਤਿੱਨ ਸੌ ਤੋਂ ਪੰਜ ਸੌ ਪ੍ਰਤੀਸ਼ਤ ਤਕ ਵਾਧਾ ਕਰ ਕੇ ਜਿੱਥੇ ਆਮ ਲੋਕਾਂ ਦੀ ਜੇਬ ਤੇ ਵੱਡਾ ਡਾਕਾ ਮਾਰਿਆ ਹੈ ਉੱਥੇ ਸੂਬੇ ਦੇ ਮਾਲੀਏ ਦਾ ਵੀ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ ਕਿਉਂਕਿ ਸਰਕਾਰ ਵੱਲੋਂ ਮਨਮਰਜ਼ੀ ਨਾਲ ਵਧਾਏ ਕੁਲੈਕਟਰ ਰੇਟਾਂ ਅਤੇ ਰੋਕੀਆਂ ਰਜਿਸਟਰੀਆਂ ਨਾਲ ਜ਼ਮੀਨ ਕਾਰੋਬਾਰ ਪੂਰੀ ਤਰਾਂ ਠੱਪ ਹੋ ਕੇ ਰਹਿ ਗਿਆ ਹੈ ਅਤੇ ਖਰੀਦਦਾਰਾਂ ਵੱਲੋਂ ਰਜਿਸਟਰੀਆਂ ਕਰਵਾਉਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਵਧੇ ਕੁਲੈਕਟਰ ਰੇਟਾਂ ਦੇ ਮੁਤਾਬਿਕ ਪੈਸੇ ਦਾ ਇੰਤਜਾਮ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਕਲੋਨਾਈਜ਼ਰ ਅਤੇ ਕਾਰੋਬਾਰੀ ਹਰਕਿੰਦਰ ਸਿੰਘ ਗਰੇਵਾਲ ਨੇ 28 ਜੁਲਾਈ ਨੂੰ ਲੁਧਿਆਣਾ ਵਿਖੇ ਕਲੋਨਾਈਜ਼ਰ ਐਸੋਸੀਏਸ਼ਨ ਦੀ ਹੋਣ ਵਾਲੀ ਪੰਜਾਬ ਪੱਧਰੀ ਮੀਟਿੰਗ ਵਿੱਚ ਵੱਡੀ ਪੱਧਰ ਤੇ ਇਕੱਤਰ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਜਗਾਉਣ ਲਈ ਹੁਣ ਸੰਘਰਸ਼ ਹੀ ਇਕ ਮਾਤਰ ਰਸਤਾ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਕੁਲੈਕਟਰ ਰੇਟਾਂ ਦੇ ਮੁੱਦੇ ਤੇ ਸਰਕਾਰੀ ਅਧਿਕਾਰੀ ਅਤੇ ਜ਼ਮੀਨ ਕਾਰੋਬਾਰੀਆਂ ਆਧਾਰਤ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਜ਼ਮੀਨੀ ਪੱਧਰ ਤੇ ਅਸਲ ਰੇਟਾਂ ਸਬੰਧੀ ਪੱਖ ਸਾਹਮਣੇ ਆ ਸਕੇ ਅਤੇ ਜ਼ਮੀਨ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਆਪਣੇ ਕਾਰੋਬਾਰਾਂ ਨੂੰ ਬੰਦ ਨਾ ਕਰਨਾ ਪਵੇ। ਉਨਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਅੰਦਰ ਕਾਰੋਬਾਰ ਕਰਨ ਨਾਲੋਂ ਗੁਆਂਢੀ ਸੂਬਿਆਂ ਅੰਦਰ ਕਾਰੋਬਾਰ ਕਰਨ ਲਈ ਵੱਡੇ ਮੌਕੇ ਹਨ ਜਿਸ ਕਾਰਨ ਅੱਜ ਪੰਜਾਬ ਦਾ ਕਾਰੋਬਾਰੀ ਗੁਆਂਢੀ ਸੂਬਿਆਂ ਵੱਲ ਪਲਾਇਨ ਕਰ ਰਿਹਾ ਹੈ। ਇਸ ਮੌਕੇ ਸਨ ਵਿਊ ਕਾਲੋਨੀ ਦੇ ਜਗਜੀਤ ਸਿੰਘ, ਜਨਪਥ ਕਲੋਨੀ ਤੋਂ ਨਰਿੰਦਰ ਗੋਇਲ, ਅਨੰਤਾ ਇਨਕਲੇਵ ਤੋਂ ਹਰਕਿੰਦਰ ਸਿੰਘ ਇਯਾਲੀ, ਸੁਖਮਨੀ ਇਨਕਲੇਵ ਤੋਂ ਰੁਪਿੰਦਰ ਟਿੱਕਾ, ਅੰਬੇਰਾ ਹਾਈਟਸ ਤੋਂ ਬਬਲੀ,ਪਾਮੇਲਾ ਸਿਟੀ ਕਲੋਨੀ ਤੋਂ ਕਮਲ, ਸੀਐਮ ਵੈਲੀ ਨੰਦੀ ਗੁਪਤਾ, ਸਾਬਕਾ ਸਰਪੰਚ ਕਰਮਜੀਤ ਸਿੰਘ ਮਲਕਪੁਰ, ਗੁਰਮੀਤ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਵਿਚ ਕਲੋਨਾਈਜ਼ਰ ਪ੍ਰਾਪਰਟੀ ਡੀਲਰ ਅਤੇ ਅਰਜ਼ੀ ਨਵੀਸ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.