
ਅੰਮ੍ਰਿਤਸਰ
ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸਤਾਵਿਤ ਫਰਾਂਸ ਫੇਰੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਪੁੱਤ ਨਸ਼ਿਆਂ, ਗੈਂਗਸਟਰ ਹਿੰਸਾ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਕਾਰਨ ਕਾਰੋਬਾਰੀਆਂ ਵਿੱਚ ਡਰ ਦਾ ਮਾਹੌਲ ਹੈ, ਤਾਂ ਮੁੱਖ ਮੰਤਰੀ ਨੂੰ ਪੰਜਾਬ ਦੀ ਚਿੰਤਾ ਕਰਨ ਦੀ ਬਜਾਏ ਵਿਦੇਸ਼ ਜਾਣ ਦੀ ਪਈ ਹੋਵੇ , ਲੋਕਾਂ ਪ੍ਰਤੀ ਇਸ ਬੇਪ੍ਰਵਾਹੀ ਨੂੰ ’’ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀ ’ਤੇ’’ ਕਿਉਂ ਨਾ ਕਿਹਾ ਜਾਵਾ, ਇਹ ਪੰਜਾਬੀ ਕਹਾਵਤ ਅੱਜ ਪੰਜਾਬ ਸਰਕਾਰ ਦੀਆਂ ਤਰਜੀਹਾਂ ’ਤੇ ਬਿਲਕੁਲ ਢੁੱਕਦੀ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ ਆਇਆਂ ਲਗਭਗ ਸਾਢੇ ਚਾਰ ਸਾਲ ਹੋ ਚੁੱਕੇ ਹਨ, ਪਰ ਨਾ ਪੰਜਾਬ ਨਸ਼ਾ ਮੁਕਤ ਹੋਇਆ ਅਤੇ ਨਾ ਹੀ ਸੂਬੇ ਵਿੱਚ ਨਿਵੇਸ਼ ਲਈ ਸੁਰੱਖਿਅਤ ਮਾਹੌਲ ਬਣ ਸਕਿਆ। ਹੁਣ ਵਿਦੇਸ਼ੀ ਨਿਵੇਸ਼ ਦੇ ਨਾਂ ’ਤੇ ਆਪਣੀਆਂ ਨਾਕਾਮੀਆਂ ਉੱਤੇ ਪਰਦਾ ਪਾਉਣਾ ਚਾਹੁੰਦੀ ਹੈ। ਸਵਾਲ ਇਹ ਹੈ ਕਿ ਵਿਦੇਸ਼ੀ ਦੌਰਿਆਂ ਅਤੇ ਨਿਵੇਸ਼ ਸਬੰਧੀ ਦਾਅਵਿਆਂ ਨਾਲ ਹੁਣ ਤੱਕ ਪੰਜਾਬ ਨੂੰ ਅਸਲ ਵਿੱਚ ਕਿੰਨਾ ਵਿਦੇਸ਼ੀ ਨਿਵੇਸ਼ ਮਿਲਿਆ, ਕਿੰਨੇ ਉਦਯੋਗ ਸਥਾਪਤ ਹੋਏ ਅਤੇ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ?
ਉਨ੍ਹਾਂ ਕਿਹਾ ਕਿ ਜਦੋਂ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨੂੰ ਫਿਰੌਤੀਆਂ, ਗੋਲੀਬਾਰੀ ਅਤੇ ਗੈਂਗਸਟਰਾਂ ਦਾ ਡਰ ਸਤਾ ਰਿਹਾ ਹੋਵੇ, ਤਾਂ ਮੁੱਖ ਮੰਤਰੀ ਦੀ ਪਹਿਲੀ ਜ਼ਿੰਮੇਵਾਰੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਸੁਧਾਰਨਾ ਅਤੇ ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨਾ ਹੈ, ਨਾ ਕਿ ਵਿਦੇਸ਼ੀ ਦੌਰੇ ’ਤੇ ਨਿਕਲਣਾ।
ਪ੍ਰੋ. ਖਿਆਲਾ ਨੇ ਮੁੱਖ ਮੰਤਰੀ ਦੇ ਜਨਮ ਦਿਨ ਦੇ ਨੇੜੇ ਪ੍ਰਸਤਾਵਿਤ ਇਸ ਫੇਰੀ ਦੇ ਮਕਸਦ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਸਬੰਧ ਅੰਤਰਰਾਸ਼ਟਰੀ ਖੁਰਾਕ ਮੇਲੇ SIAL ਵਿੱਚ ਮਾਰਕਫੈੱਡ ਦੀ ਸ਼ਮੂਲੀਅਤ ਨਾਲ ਦੱਸਿਆ ਜਾ ਰਿਹਾ ਹੈ। ਜੇਕਰ ਮਾਰਕਫੈੱਡ ਉੱਥੇ ਆਪਣੇ ਉਤਪਾਦਾਂ ਦੀ ਨੁਮਾਇਸ਼ ਕਰ ਰਿਹਾ ਹੈ, ਤਾਂ ਮੁੱਖ ਮੰਤਰੀ ਦਾ ਜਾਣਾ ਕਿਉਂ ਜ਼ਰੂਰੀ ਹੈ? ਸਰਕਾਰ ਸਪੱਸ਼ਟ ਕਰੇ ਕਿ ਇਸ ਦੌਰੇ ਨਾਲ ਪੰਜਾਬ ਨੂੰ ਕਿਹੜੇ ਠੋਸ ਅਤੇ ਮਾਪਣਯੋਗ ਲਾਭ ਮਿਲਣਗੇ।
ਉਨ੍ਹਾਂ ਮੁੱਖ ਮੰਤਰੀ ਦੀ ਪਤਨੀ ਨੂੰ ਵਫ਼ਦ ਵਿੱਚ ਸ਼ਾਮਲ ਕੀਤੇ ਜਾਣ ’ਤੇ ਵੀ ਸਵਾਲ ਉਠਾਉਂਦਿਆਂ ਪੁੱਛਿਆ ਕਿ ਇਸ ਦੌਰੇ ਵਿੱਚ ਉਨ੍ਹਾਂ ਦੀ ਅਧਿਕਾਰਤ ਭੂਮਿਕਾ ਕੀ ਹੈ ਅਤੇ ਯਾਤਰਾ, ਠਹਿਰਨ ਤੇ ਹੋਰ ਪ੍ਰਬੰਧਾਂ ’ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਕਿੰਨਾ ਖ਼ਰਚ ਹੋਵੇਗਾ? ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਦੌਰੇ ਦਾ ਖ਼ਰਚਾ ਕੌਣ ਚੁੱਕੇਗਾ ਅਤੇ ਪੰਜਾਬ ਨੂੰ ਇਸ ਤੋਂ ਕੀ ਹਾਸਲ ਹੋਵੇਗਾ।
ਸੁਰੱਖਿਆ ਖ਼ਤਰਿਆਂ ਦੇ ਬਾਵਜੂਦ ਫਰਾਂਸ ਜਾਣ ਦੀ ਕਾਹਲ ’ਤੇ ਸਵਾਲ ਉਠਾਉਂਦਿਆਂ ਪ੍ਰੋ. ਖਿਆਲਾ ਨੇ ਕਿਹਾ ਕਿ ਕੇਂਦਰੀ ਵਿਦੇਸ਼ ਮੰਤਰਾਲੇ ਨੇ ਪਹਿਲਾਂ ਕੱਟੜਪੰਥੀ ਸਮੂਹਾਂ ਤੋਂ ਸੰਭਾਵੀ ਖ਼ਤਰੇ ਅਤੇ ਫਰਾਂਸ ਸਰਕਾਰ ਵੱਲੋਂ ਰਸਮੀ ਸੱਦਾ ਪੱਤਰ ਨਾ ਹੋਣ ਦਾ ਹਵਾਲਾ ਦੇ ਕੇ ਦੌਰੇ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਜੇ ਪੰਜਾਬ ਸਰਕਾਰ ਵੀ ਵਿਦੇਸ਼ ਵਿੱਚ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਖ਼ਦਸ਼ੇ ਮੰਨਦੀ ਹੈ, ਤਾਂ ਸਰਕਾਰ ਸਪੱਸ਼ਟ ਕਰੇ ਕਿ ਹੁਣ ਕਿਹੜੇ ਹਾਲਾਤ ਬਦਲੇ ਹਨ ਅਤੇ ਦੌਰੇ ਲਈ ਲੋੜੀਂਦੀਆਂ ਮਨਜ਼ੂਰੀਆਂ ਹਾਸਲ ਹੋਈਆਂ ਹਨ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਲਈ ਲਾਗੂ ਨਿਯਮਾਂ, ਰਾਜਸੀ ਮਨਜ਼ੂਰੀਆਂ ਅਤੇ ਸਰਕਾਰੀ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਪੰਜਾਬ ਦੇ ਲੋਕਾਂ ਨੂੰ ਦੌਰੇ ਦੇ ਉਦੇਸ਼, ਸਰਕਾਰੀ ਖ਼ਰਚੇ ਅਤੇ ਪੰਜਾਬ ਨੂੰ ਹੋਣ ਵਾਲੇ ਠੋਸ ਲਾਭਾਂ ਬਾਰੇ ਜਾਣਨ ਦਾ ਪੂਰਾ ਹੱਕ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਪੰਜਾਬ ਦੇ ਪੁੱਤ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਭੇਟ ਚੜ੍ਹ ਰਹੇ ਹਨ, ਪਰ ਮੁੱਖ ਮੰਤਰੀ ਨੂੰ ਪੰਜਾਬ ਦੇ ਹਾਲਾਤ ਸੁਧਾਰਨ ਦੀ ਬਜਾਏ ਫਰਾਂਸ ਦੀ ਸੈਰ ਦੀ ਪਈ ਹੈ। ਜੇ ਦੌਰੇ ਦਾ ਮਕਸਦ ਨਿਵੇਸ਼ ਲਿਆਉਣਾ ਹੈ, ਤਾਂ ਭਗਵੰਤ ਮਾਨ ਪਹਿਲਾਂ ਦੱਸਣ ਕਿ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਕਿੰਨਾ ਅਸਲ ਨਿਵੇਸ਼ ਆਇਆ ਅਤੇ ਉਦਯੋਗਾਂ ਤੇ ਰੁਜ਼ਗਾਰ ਲਈ ਕਿਹੜੇ ਠੋਸ ਨਤੀਜੇ ਸਾਹਮਣੇ ਆਏ। ਨਸ਼ਿਆਂ, ਫਿਰੌਤੀਆਂ ਅਤੇ ਗੈਂਗਸਟਰਾਂ ਦੇ ਡਰ ਵਾਲੇ ਮਾਹੌਲ ਵਿੱਚ ਨਿਵੇਸ਼ ਨਹੀਂ ਆ ਸਕਦਾ। ਸਰਕਾਰ ਨੂੰ ਵਿਦੇਸ਼ੀ ਦੌਰਿਆਂ ਦੀ ਬਜਾਏ ਪੰਜਾਬ ਵਿੱਚ ਅਮਨ-ਕਾਨੂੰਨ ਅਤੇ ਨਿਵੇਸ਼-ਪੱਖੀ ਮਾਹੌਲ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ‘ਬਦਲਾਅ’ ਦੇ ਵਾਅਦੇ ਨਾਲ ਸੱਤਾ ਵਿੱਚ ਆਈ ‘ਆਪ’ ਸਰਕਾਰ ਹੁਣ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰਨ ਵਿੱਚ ਨਾਕਾਮ ਰਹੀ ਹੈ। ਚਾਰ ਕੁ ਮਹੀਨੇ ਰਹਿ ਗਏ ਹਨ। ਪੰਜਾਬ ਦੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਦਾ ਹਿਸਾਬ ਚੋਣਾਂ ਵਿੱਚ ਲੈਣਗੇ। ਜਨਾਬ ਜੀ, ਪੰਜਾਬ ਨੂੰ ਹਾਲੋਂ-ਬੇਹਾਲ ਕਰਕੇ ਹੁਣ ਪੈਰਿਸ ਦੀ ਸੈਰ ਦੇ ਸੁਪਨੇ ਦੇਖਣ ਵਾਲਿਆਂ ਨੂੰ ਪੰਜਾਬੀ ਅਜਿਹਾ ਲੋਕਤੰਤਰੀ ਸਬਕ ਸਿਖਾਉਣਗੇ, ਜੋ ਯਾਦ ਰਹੇਗਾ। ਪੰਜਾਬ ਨੂੰ ਨਸ਼ਿਆਂ ਤੋਂ ਮੁਕਤੀ, ਗੈਂਗਸਟਰਾਂ ਤੋਂ ਸੁਰੱਖਿਆ ਅਤੇ ਰੁਜ਼ਗਾਰ ਚਾਹੀਦਾ ਹੈ, ਨਾ ਕਿ ਵਿਦੇਸ਼ੀ ਦੌਰਿਆਂ ਦੇ ਦਾਅਵੇ। ਪੰਜਾਬ ਜਵਾਬ ਮੰਗਦਾ ਹੈ!