
ਫਗਵਾੜਾ (ਸ਼ਿਵ ਕੋੜਾ) : ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਪਿੰਡ ਸੀਕਰੀ ਦਾ ਦੌਰਾ ਕਰਕੇ ਮੱਖਣ ਸਿੰਘ ਪੁੱਤਰ ਚੰਨਣ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਜਿਹਨਾਂ ਦੇ ਤੂੜੀ ਦੇ ਕੁੱਪਾਂ ਨੂੰ ਪਿਛਲੇ ਦਿਨੀਂ ਅੱਗ ਲੱਗ ਗਈ ਸੀ ਅਤੇ ਉਸਦਾ ਕਾਫੀ ਨੁਕਸਾਨ ਹੋਇਆ ਸੀ। ਮੱਖਣ ਸਿੰਘ ਨੇ ਸ. ਮਾਨ ਨੂੰ ਦੱਸਿਆ ਕਿ ਅੱਗ ਲੱਗਣ ਨਾਲ ਉਹਨਾਂ ਦੀ 8/9 ਟਰਾਲੀ ਤੂੜੀ ਸੜ ਕੇ ਸੁਆਹ ਹੋ ਗਈਆਂ ਅਤੇ ਉਹਨਾਂ ਨੂੰ ਕਾਫੀ ਆਰਥਕ ਨੁਕਸਾਨ ਹੋਇਆ ਹੈ। ਜੋਗਿੰਦਰ ਸਿੰਘ ਮਾਨ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਮੌਕੇ ਤੇ ਹੀ ਸਬੰਧਤ ਮਹਿਕਮੇ ਨੂੰ ਅੱਗ ਲੱਗਣ ਦੇ ਕਾਰਨਾ ਦੀ ਜਾਂਚ ਕਰਨ ਲਈ ਕਿਹਾ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਾਂਚ ਤੋਂ ਬਾਅਦ ਉਹ ਹੋਏ ਨੁਕਸਾਨ ਦੀ ਪੂਰਤੀ ਲਈ ਸਰਕਾਰ ਤੋਂ ਮੁਆਵਾਜ ਦੁਆਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਸੇਵਾ ਸਿੰਘ ਸੀਕਰੀ, ਦਿਲਬਾਗ ਸਿੰਘ, ਮੰਗਤ ਸਿੰਘ, ਸੁਰਮੁਖ ਸਿੰਘ, ਕੁਲਵਿੰਦਰ ਸਿੰਘ ਪੰਚ, ਜਰਨੈਲ ਸਿੰਘ ਆਦਿ ਵੀ ਹਾਜਰ ਸਨ।