ਸ਼ਹੀਦ ਭਗਤ ਸਿੰਘ ਨਗਰ ਵਿੱਚ ਚੈਕਿੰਗ ਮੁਹਿੰਮ ਜਾਰੀ; ਦੁਸਹਿਰੇ ਤੋਂ ਪਹਿਲਾਂ ਹਲਵਾਈਆਂ ਤੇ ਫੂਡ ਵਿਕਰੇਤਾਵਾਂ ਨੂੰ ਸਖ਼ਤ ਹਦਾਇਤਾਂ
ਨਵਾਂਸ਼ਹਿਰ(ਜਤਿੰਦਰ ਪਾਲ ਸਿੰਘ ਕਲੇਰ ) ਕਮਿਸ਼ਨਰ (ਫੂਡ) ਸ਼੍ਰੀਮਤੀ ਕੰਵਲਪ੍ਰੀਤ ਬਰਾੜ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਅਮਨ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਤਿਓਹਾਰਾਂ ਦੇ ਮੱਦੇਨਜ਼ਰ ਜ਼ਿਲ੍ਹੇ ਭਰ ਵਿੱਚ ਚੈਕਿੰਗ ਅਭਿਆਨ ਲਗਾਤਾਰ ਜਾਰੀ ਹੈ। ਸਹਾਇਕ ਕਮਿਸ਼ਨਰ ਫੂਡ ਸ਼੍ਰੀਮਤੀ ਹਰਪ੍ਰੀਤ ਕੌਰ, ਫੂਡ ਸੇਫਟੀ ਅਫਸਰ ਸ. ਬਿਕਰਮਜੀਤ ਸਿੰਘ ਅਤੇ ਫੂਡ ਸੇਫਟੀ ਅਫਸਰ ਸ਼੍ਰੀ ਦਿਨੇਸ਼ਜੋਤ ਸਿੰਘ ਵਾਲੀਆ ਦੀ ਟੀਮ ਨੇ ਪਿਛਲੇ ਦਿਨੀਂ ਔੜ, ਸਾਹਲੋਂ, ਰਸੂਲਪੁਰ, ਕਰਿਆਮ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਮਿਠਾਈਆਂ ਦੇ ਸੈਂਪਲ ਭਰੇ ਅਤੇ 10 ਕਿਲੋਗ੍ਰਾਮ ਖਰਾਬ ਪੇਠਾ ਮੌਕੇ ‘ਤੇ ਹੀ ਨਸ਼ਟ ਕਰਵਾਇਆ। ਹਲਵਾਈਆਂ ਦੀਆਂ ਵਰਕਸ਼ਾਪਾਂ ਦੀ ਚੈਕਿੰਗ ਕਰਕੇ ਸਾਫ-ਸਫਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ, ਜਦਕਿ ਸਾਫ-ਸਫ਼ਾਈ ਨਾ ਰੱਖਣ ਵਾਲੇ ਇੱਕ ਢਾਬੇ ਦਾ ਮੌਕੇ ‘ਤੇ ਚਲਾਨ ਕੀਤਾ ਗਿਆ। ਟੀਮ ਵੱਲੋਂ ਆਨਲਾਈਨ ਇੰਸਪੈਕਸ਼ਨਾਂ ਵੀ ਕੀਤੀਆਂ ਗਈਆਂ ਅਤੇ ਕਮੀਆਂ ਪਾਏ ਜਾਣ ‘ਤੇ ਸੁਧਾਰ ਨੋਟਿਸ ਜਾਰੀ ਕੀਤੇ ਗਏ।
ਇਸੇ ਤਰ੍ਹਾਂ ਬਲਾਚੌਰ ਅਤੇ ਸੜੋਆ ਖੇਤਰ ਵਿੱਚ ਹਲਵਾਈਆਂ ਦੀਆਂ ਦੁਕਾਨਾਂ ਤੇ ਵਰਕਸ਼ਾਪਾਂ ਦੀ ਚੈਕਿੰਗ ਕਰਕੇ ਸਾਫ-ਸਫਾਈ ਦੀ ਹਦਾਇਤ ਕੀਤੀ ਗਈ। ਇੱਥੇ ਖੋਆ ਬਰਫੀ, ਬੇਸਨ ਬਰਫੀ, ਮੈਸੂਰਪਾਕ, ਤਿੱਲ ਬੇਸਨ ਲੱਡੂ, ਬੂੰਦੀ ਲੱਡੂ, ਕਲਾਕੰਦ, ਗੁਲਾਬ ਜਾਮੁਨ ਅਤੇ ਰੋਸਟਡ ਬਰਫੀ ਸਮੇਤ ਕੁੱਲ 9 ਮਿਠਾਈਆਂ ਦੇ ਸੈਂਪਲ ਲਏ ਗਏ ਅਤੇ ਟਮਾਟਰ ਸੌਸ ਦਾ ਸੈਂਪਲ ਵੀ ਭਰਿਆ ਗਿਆ। ਮੋਰ ਰਿਟੇਲ ਪ੍ਰਾਈਵੇਟ ਲਿਮਟਿਡ, ਨਵਾਂਸ਼ਹਿਰ ਦੇ ਸਟੋਰ ਤੋਂ ਵੀ ਮਿਠਾਈਆਂ ਦੇ ਸੈਂਪਲ ਲਏ ਗਏ।
ਇਸ ਮੌਕੇ ਸਹਾਇਕ ਕਮਿਸ਼ਨਰ ਫੂਡ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਕਿਹਾ, “ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤਿਓਹਾਰਾਂ ਦੌਰਾਨ ਚੈਕਿੰਗ ਹੋਰ ਤੇਜ਼ ਕੀਤੀ ਜਾਵੇਗੀ। ਮਿਲਾਵਟਖੋਰੀ, ਬੇਹੀਆਂ ਮਿਠਾਈਆਂ ਵੇਚਣ ਜਾਂ ਸਾਫ-ਸਫਾਈ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।”
ਦੁਸਹਿਰੇ ਦੇ ਤਿਓਹਾਰ ਦੇ ਮੱਦੇਨਜ਼ਰ ਫੂਡ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਫ-ਸਫਾਈ ਦਾ ਪੂਰਾ ਪ੍ਰਬੰਧ ਕੀਤਾ ਜਾਵੇ, ਮਿਠਾਈਆਂ ਵਿੱਚ ਸਿਰਫ਼ FSSAI ਤੋਂ ਪ੍ਰਵਾਨਿਤ ਰੰਗ ਅਤੇ ਉਹ ਵੀ ਘੱਟ ਮਾਤਰਾ ਵਿੱਚ ਵਰਤੇ ਜਾਣ, ਖੋਆ ਤੇ ਪਨੀਰ ਖੁਦ ਦੁੱਧ ਤੋਂ ਤਿਆਰ ਕੀਤੇ ਜਾਣ, ਵਰਕ ਵਧੀਆ ਕੁਆਲਿਟੀ ਦਾ ਵਰਤਿਆ ਜਾਵੇ ਅਤੇ ਬੇਹੀਆਂ ਮਿਠਾਈਆਂ ਕਿਸੇ ਵੀ ਹਾਲਤ ਵਿੱਚ ਨਾ ਵੇਚੀਆਂ ਜਾਣ। ਇਸ ਦੇ ਨਾਲ ਹੀ ਕੰਮ ਕਰਨ ਵਾਲੇ ਸਾਰੇ ਵਰਕਰਾਂ ਲਈ ਕੈਪ, ਐਪਰਨ ਅਤੇ ਦਸਤਾਨੇ ਪਾਉਣਾ ਯਕੀਨੀ ਬਣਾਇਆ ਜਾਵੇ ਅਤੇ FSSAI ਲਾਇਸੰਸ/ਰਜਿਸਟ੍ਰੇਸ਼ਨ ਦੁਕਾਨ ‘ਤੇ ਸਾਫ਼ ਦਿਖਾਈ ਦੇਣ ਵਾਲੀ ਥਾਂ ‘ਤੇ ਲਗਾਈ ਜਾਵੇ।
ਵਿਭਾਗ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਮਿਠਾਈਆਂ ਸਿਰਫ਼ ਭਰੋਸੇਯੋਗ ਤੇ ਲਾਇਸੰਸਸ਼ੁਦਾ ਦੁਕਾਨਾਂ ਤੋਂ ਹੀ ਖਰੀਦੀਆਂ ਜਾਣ ਅਤੇ ਬਿੱਲ ਜ਼ਰੂਰ ਲਿਆ ਜਾਵੇ।